ਪਰਸ਼ੋਤਮ ਬੱਲੀ
ਬਰਨਾਲਾ, 19 ਸਤੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਇਥੇ ਰੇਲਵੇ ਸਟੇਸ਼ਨ ‘ਤੇ ਲੱਗੇ ਸਾਂਝੇ ਕਿਸਾਨ ਧਰਨੇ ਦੇ ਬੁਲਾਰਿਆਂ ਨੇ ਅੱਜ ਸਰਕਾਰੀ ਖੇਤੀ ਖਰੀਦ ਮੰਡੀਆਂ ਦੀ ਖਸਤਾ ਹਾਲਤ ਬਾਰੇ ਛਪੀਆਂ ਖਬਰਾਂ ਦਾ ਗੰਭੀਰ ਨੋਟਿਸ ਲਿਆ ਤੇ ਆਖਿਆ ਕਿ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਮੌਕੇ ਸਰਕਾਰ ਕਹਿੰਦੀ ਰਹੀ ਹੈ ਕਿ ਸਰਕਾਰੀ ਮੰਡੀਆਂ ਖਤਮ ਨਹੀਂ ਹੋਣਗੀਆਂ। ਹੁਣ ਭਾਵੇਂ ਖੇਤੀ ਕਾਨੂੰਨਾਂ ‘ਤੇ ਅਦਾਲਤੀ ਰੋਕ ਲੱਗੀ ਹੋਈ ਹੈ ਪਰ ਸਰਕਾਰ ਆਪਣੇ ਉਸੇ ਏਜੰਡੇ ਅਨੁਸਾਰ ਕੰਮ ਕਰ ਰਹੀ ਹੈ ਜਿਸ ਤਹਿਤ ਸਰਕਾਰੀ ਖੇਤੀ ਮੰਡੀਆਂ ਢਹਿ-ਢੇਰੀ ਹੋ ਰਹੀਆਂ ਹਨ। ਖੁਦ ਪ੍ਰਧਾਨ ਮੰਤਰੀ ਦੇ ਜੱਦੀ ਸੂਬੇ ਗੁਜਰਾਤ ਤੇ ਖੇਤੀ ਮੰਤਰੀ ਦੇ ਸੂਬੇ ਮੱਧ ਪ੍ਰਦੇਸ਼ ਵਿਚੋਂ ਖੇਤੀ ਮੰਡੀਆਂ ਦੇ ਵੱਡੀ ਗਿਣਤੀ ਵਿੱਚ ਬੰਦ ਹੋਣ ਦੀਆਂ ਖ਼ਬਰਾਂ ਆਈਆਂ ਹਨ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਬਲਵਿੰਦਰ ਕੌਰ ਖੁੱਡੀ, ਪਰਮਜੀਤ ਕੌਰ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਕੌਰ ਫਰਵਾਹੀ,ਸੁਖਦਰਸ਼ਨ ਸਿੰਘ ਦੀਉਲ, ਹਰਚਰਨ ਚੰਨਾ, ਗੁਰਜੰਟ ਸਿੰਘ ਹਮੀਦੀ, ਗੁਰਨਾਮ ਸਿੰਘ ਠੀਕਰੀਵਾਲਾ, ਪ੍ਰੇਮਪਾਲ ਕੌਰ, ਰਣਧੀਰ ਸਿੰਘ ਰਾਜਗੜ੍ਹ , ਕੁਲਵੰਤ ਸਿੰਘ ਭਦੌੜ ਨੇ ਸੰਬੋਧਨ ਕੀਤਾ। ਉਧਰ ਰਿਲਾਇੰਸ ਮਾਲ ‘ਤੇ ਲੱਗਿਆ ਹੋਇਆ ਧਰਨਾ ਵੀ ਪੂਰੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ਨੂੰ ਮੇਜਰ ਸਿੰਘ, ਭਜਨ ਸਿੰਘ, ਤੇਜ਼ਾ ਸਿੰਘ, ਜਗਦੇਵ ਸਿੰਘ, ਬਲਜਿੰਦਰ ਸਿੰਘ, ਵਿੱਕੀ, ਗੁਰਦੇਵ ਸਿੰਘ, ਰਾਜ ਸਿੰਘ ਬਰਨਾਲਾ, ਨਾਜਰ ਸਿੰਘ ਨੇ ਸੰਬੋਧਨ ਕੀਤਾ। ਠੀਕਰੀਵਾਲਾ ਦੀ ਸੰਗਤ ਦੇ ਲੰਗਰ ਦੀ ਸੇਵਾ ਨਿਭਾਈ। ਨਰਿੰਦਰਪਾਲ ਸਿੰਗਲਾ ਤੇ ਤੇਜਾ ਸਿੰਘ ਠੀਕਰੀਵਾਲਾ ਨੇ ਕਵਿਤਾਵਾਂ ਸੁਣਾਈਆਂ।