ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਜੁਲਾਈ
ਜਰਖੜ ਹਾਕੀ ਅਕੈਡਮੀ ਵੱਲੋਂ ਜਰਖੜ ਹਾਕੀ ਸਟੇਡੀਅਮ ਵਿੱਚ 7-ਏ-ਸਾਈਡ ਹਾਕੀ ਲੀਗ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਗਿੱਲ ਸਪੋਰਟਸ ਕਲੱਬ ਧਮੋਟ ਜਦਕਿ ਜੂਨੀਅਰ ਵਰਗ ਜਰਖੜ ਹਾਕੀ ਅਕੈਡਮੀ ਜੇਤੂ ਰਹੇ। ਜਰਖੜ ਸਟੇਡੀਅਮ ਵਿਖੇ ਕੌਮੀ ਹਾਕੀ ਖਿਡਾਰੀ ਧਰਮਿੰਦਰ ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਵਿੱਚ ਚੱਲ ਰਹੀ ਇਸ ਹਫ਼ਤਾਵਰੀ ਲੀਗ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਅੱਜ ਜੂਨੀਅਰ ਵਰਗ ਵਿਚ ਜਰਖੜ ਹਾਕੀ ਅਕੈਡਮੀ ਨੇ ਅਮਰਗੜ੍ਹ ਸਕੂਲ ਨੂੰ 7-5 ਗੋਲਾਂ ਨਾਲ ਹਰਾਇਆ। ਜੇਤੂ ਜਰਖੜ ਹਾਕੀ ਅਕੈਡਮੀ ਦੀ ਟੀਮ ਵੱਲੋਂ ਸੁਖਮਨਜੋਤ ਸਿੰਘ ਨੇ 3, ਮਾਨਵਜੀਤ ਸਿੰਘ , ਗੁਰਜੋਤ ਸਿੰਘ ਜਰਖੜ, ਪ੍ਰਭਜੋਤ ਸਿੰਘ ਅਤੇ ਗੈਵੀ ਨੇ 1-1 ਗੋਲ ਕੀਤਾ ਜਦਕਿ ਅਮਰਗੜ੍ਹ ਵੱਲੋਂ ਹਰਮਨ ਹਰਮਨ , ਨਵਜੋਤ ਸਿੰਘ ਨੇ 2-2, ਕੋਮਲਪ੍ਰੀਤ ਸਿੰਘ ਨੇ 1 ਗੋਲ ਕੀਤਾ। ਅੱਜ ਦਾ ਦੂਜਾ ਮੈਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਦੀਆਂ ਲੜਕੀਆਂ ਅਤੇ ਘਵੱਦੀ ਸਕੂਲ ਦੇ ਬੱਚਿਆਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਨਨਕਾਣਾ ਸਾਹਿਬ ਦੀਆਂ ਲੜਕੀਆਂ ਨੇ ਮੁੰਡਿਆਂ ਦੇ ਨਾਲ ਖੇਡਦਿਆਂ 4-4 ਗੋਲਾਂ ਦੀ ਬਰਾਬਰੀ ਕਾਇਮ ਕੀਤੀ । ਨਨਕਾਣਾ ਸਾਹਿਬ ਸਕੂਲ ਦੀਆਂ ਲੜਕੀਆਂ ਵੱਲੋਂ ਰਮਨਦੀਪ ਕੌਰ ਅਤੇ ਮਹਿਕ ਦੀਪ ਨੇ 2-2 ਗੋਲ ਕੀਤੇ ਜਦਕਿ ਘਵੱਦੀ ਸਕੂਲ ਵੱਲੋਂ ਅਰਫਾਨ ਅਤੇ ਇਕਬਾਲ ਸਿੰਘ ਨੇ 2-2 ਗੋਲ ਕੀਤੇ। ਪੈਨਲਟੀ ਸਟਰੋਕ ਵਿੱਚ ਘਵੱਦੀ ਸਕੂਲ ਜੇਤੂ ਰਿਹਾ। ਜਦਕਿ ਸੀਨੀਅਰ ਵਰਗ ਵਿੱਚ ਅੱਜ ਕਿਲ੍ਹਾ ਰਾਏਪੁਰ ਅਤੇ ਗਿੱਲ ਕਲੱਬ ਘਵੱਦੀ ਵਿਚਕਾਰ ਖੇਡਿਆ ਗਿਆ ਮੁਕਾਬਲਾ ਨਿਰਧਾਰਤ ਸਮੇਂ ਤੱਕ 5-5 ਗੋਲਾਂ ਤੇ ਬਰਾਬਰ ਰਿਹਾ। ਪੈਨਲਟੀ ਸਟ੍ਰੋਕ ਵਿੱਚ ਕਿਲ੍ਹਾ ਰਾਏਪੁਰ ਜੇਤੂ ਰਿਹਾ। ਇਸ ਜਿੱਤ ਨਾਲ ਕਿਲਾ ਰਾਏਪੁਰ ਨੇ ਆਪਣਾ ਸਫ਼ਰ ਸੈਮੀਫਾਈਨਲ ਦੇ ਨੇੜੇ ਕਰ ਲਿਆ ਹੈ। ਇਸ ਤੋਂ ਇਲਾਵਾ ਸੀਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿੱਚ ਗਿੱਲ ਸਪੋਰਟਸ ਕਲੱਬ ਧਮੋਟ ਨੇ ਅਮਰਗੜ੍ਹ ਕਲੱਬ ਨੂੰ 6-5 ਗੋਲਾਂ ਨਾਲ ਹਰਾ ਕੇ ਹਾਕੀ ਲੀਗ ਵਿੱਚ ਲਗਾਤਾਰ ਆਪਣੀ ਦੂਸਰੀ ਜਿੱਤ ਹਾਸਲ ਕੀਤੀ। ਅੱਜ ਦੇ ਮੈਚਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਗਿੱਲ ਦੇ ਇੰਚਾਰਜ ਜੀਵਨ ਸਿੰਘ ਸੰਗੋਵਾਲ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਛਾਣ ਕੀਤੀ।
ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ , ਧਰਮਿੰਦਰ ਸਿੰਘ ਮਨੀ, ਰਵਿੰਦਰ ਸਿੰਘ ਕਾਲਾ ਘਵੱਦੀ, ਕੌਮੀ ਹਾਕੀ ਖਿਡਾਰੀ ਪਲਵਿੰਦਰ ਸਿੰਘ ਗੋਲੂ, ਗੁਰਸਤਿੰਦਰ ਸਿੰਘ ਪਰਗਟ, ਗੁਰਦੀਪ ਸਿੰਘ ਟੀਟੂ ਕਿਲਾ ਰਾਏਪੁਰ, ਰੁਪਿੰਦਰ ਸਿੰਘ ਗਿੱਲ , ਤਨਵੀਰ ਸਿੰਘ ਮੁੰਡੀ, ਅਮਨਦੀਪ ਸਿੰਘ ਚਚਰਾੜੀ, ਜਤਿੰਦਰਪਾਲ ਸਿੰਘ ਦੁਲੇਅ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
ਹੁਣ ਜਰਖੜ ਹਾਕੀ ਲੀਗ ਦੇ ਅਗਲੇ ਗੇੜ ਦੇ ਮੁਕਾਬਲੇ 31 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਖੇਡੇ ਜਾਣਗੇ।