ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਨ ਨੂੰ ਸਿੱਧੇ ਤੌਰ ’ਤੇ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਨਿਰਣੇ ਲੈਣ ਦੀ ਤਾਕਤ ਨਹੀਂ ਮਿਲਦੀ ਹੈ ਤਾਂ ਫਿਰ ਉਹ ਇੱਟ ਨਾਲ ਇੱਟ ਖੜਕਾ ਦੇਣਗੇ ਕਿਉਂਕਿ ਨਿਰਣੇ ਲੈਣ ਦੀ ਤਾਕਤ ਤੋਂ ਬਿਨਾਂ ਦਰਸ਼ਨੀ ਘੋੜਾ ਬਣ ਕੇ ਅਹੁਦੇ ’ਤੇ ਰਹਿਣ ਦਾ ਕੋਈ ਲਾਭ ਨਹੀ ਹੈ। ਵਿਧਾਇਕ ਸੁਨੀਲ ਦੱਤੀ ਵੱਲੋਂ ਸਨਅਤਕਾਰਾਂ ਤੇ ਵਪਾਰੀਆਂ ਨਾਲ ਵੀਰਵਾਰ ਨੂੰ ਰੱਖੀ ਗਈ ਮੀਟਿੰਗ ਦੌਰਾਨ ਸਿੱਧੂ ਨੇ ਇਹ ਗੱਲਾਂ ਆਖੀਆਂ। ਸਿੱਧੂ ਨੇ ਕਿਹਾ ਕਿ ਕੁਝ ਲੋਕਾਂ ਦਾ ਖਿਆਲ ਹੈ ਕਿ ਉਹ ਜਾਂਦੀ ਹੋਈ ਬਹਾਰ ਵੇਲੇ ਆਏ ਹਨ ਤੇ ਇਸ ਦਾ ਕੋਈ ਲਾਭ ਨਹੀਂ ਹੈ ਪਰ ਉਹ ਲੋਕਾਂ ਨੂੰ ਅਜਿਹਾ ਪੰਜਾਬ ਮਾਡਲ ਦੇਣਗੇ ਜਿਸ ਨਾਲ 20 ਸਾਲ ਬਹਾਰ ਬਣੀ ਰਹੇਗੀ। ਉਨ੍ਹਾਂ ਕਿਹਾ,‘‘ਲੋਕ ਹਿੱਤਾਂ ਦੇ ਮਾਮਲਿਆਂ ਵਿਚ ਮੈਂ ਕਦੇ ਵੀ ਕੋਈ ਸਮਝੌਤਾ ਨਹੀਂ ਕੀਤਾ। ਇਸ ਵਾਰ ਵੀ ਕਾਂਗਰਸ ਹਾਈਕਮਾਨ ਨੂੰ ਆਖ ਕੇ ਆਇਆ ਹਾਂ ਕਿ ਜੇਕਰ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰੇ ਤਾਂ ਕਾਂਗਰਸ ਲੰਮਾ ਸਮਾਂ ਸੱਤਾ ਵਿਚ ਰਹੇਗੀ ਪਰ ਇਸ ਲਈ ਨਿਰਣੇ ਲੈਣ ਦੀ ਤਾਕਤ ਦਿੱਤੀ ਜਾਵੇ।’’ ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਲੋਕ ਹਤਾਸ਼ ਤੇ ਨਿਰਾਸ਼ ਹਨ ਕਿਉਂਕਿ ਕੋਈ ਵੀ ਉਨ੍ਹਾਂ ਦੀਆਂ ਉਮੀਦਾਂ ’ਤੇ ਪੂਰਾ ਨਹੀਂ ਉਤਰਿਆ। ਸਿੱਧੂ ਨੇ ਕਿਹਾ ਕਿ ਸਿਆਸਤਦਾਨ ਡਰਾਉਣ ਅਤੇ ਭਰਮਾਉਣ ਵਾਲੀ ਰਾਜਨੀਤੀ ਕਰ ਰਹੇ ਹਨ ਪਰ ਉਨ੍ਹਾਂ ਦੀ ਸਿਆਸਤ ਆਸ ਤੇ ਵਿਸ਼ਵਾਸ ਦੀ ਹੈ ਜਿਸ ਵਿਚ ਉਹ ਲੋਕਾਂ ਨੂੰ ਨਾਲ ਲੈ ਕੇ ਚਲਣਗੇ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੀਆਂ ਨੀਤੀਆਂ ਅਫਸਰਸ਼ਾਹੀ ਨਹੀਂ ਸਗੋਂ ਲੋਕ ਖੁਦ ਬਣਾਉਣਗੇ। ਉਨ੍ਹਾਂ ਵਪਾਰੀਆਂ ਅਤੇ ਸਨਅਤਕਾਰਾਂ ਨੂੰ ਆਖਿਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਪੰਜਾਬ ਮਾਡਲ ਦਾ ਹਿੱਸਾ ਹੋਣਗੇ। ਕਾਂਗਰਸ ਪ੍ਰਧਾਨ ਨੇ ਆਖਿਆ ਕਿ ਜੇ ਬਿਜਲੀ ਸਮਝੌਤੇ ਰੱਦ ਕਰਕੇ ਲੋਕਾਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇ ਤਾਂ ਇਸ ਨਾਲ ਲੋਕਾਂ ’ਚ ਕਾਂਗਰਸ ਸਰਕਾਰ ਦੀ ਗੁਆਚੀ ਸਾਖ ਮੁੜ ਬਹਾਲ ਹੋ ਸਕਦੀ ਹੈ ਤੇ 2022 ’ਚ ਕਾਂਗਰਸ ਦੇ ਮੁੜ ਸੱਤਾ ’ਚ ਆਉਣ ਦਾ ਰਾਹ ਪੱਧਰਾ ਹੋਵੇਗਾ। ਮੀਟਿੰਗ ਦੌਰਾਨ ਸਨਅਤਕਾਰਾਂ ਤੇ ਵਪਾਰੀਆਂ ਨੇ ਉਨ੍ਹਾਂ ਨੂੰ ਸਰਕਾਰ ਪ੍ਰਤੀ ਵੱਡੀ ਨਾਰਾਜ਼ਗੀ ਵੀ ਦੱਸੀ।
ਸਿੱਧੂ ਨੇ ਕਿਹਾ ਕਿ ਅੱਜ ਸੂਬੇ ਦਾ ਖਜ਼ਾਨਾ ਖਾਲੀ ਹੈ ਅਤੇ ਸੂਬੇ ਦੇ ਸਰੋਤਾਂ ਦਾ ਪੈਸਾ ਨਿੱਜੀ ਜੇਬਾਂ ਵਿਚ ਜਾ ਰਿਹਾ ਹੈ ਜਦੋਂ ਕਿ ਕੋਈ ਵੀ ਸੂਬਾ ਸਨਅਤ ਦੇ ਵਿਕਾਸ ਬਿਨਾਂ ਨਹੀਂ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ’ਚ ਸਨਅਤਕਾਰਾਂ ਤੇ ਵਪਾਰੀਆਂ ਲਈ ਸਿੰਗਲ ਵਿੰਡੋ ਪ੍ਰਣਾਲੀ ਚਲਾਈ ਜਾਵੇ ਤਾਂ ਪੰਜਾਬ ਦੀ ਸਨਅਤ ਅਗਲੇ 5 ਸਾਲਾਂ ’ਚ 60 ਸਾਲਾਂ ਜਿੰਨੀ ਤਰੱਕੀ ਕਰ ਸਕਦੀ ਹੈ। ਪੰਜਾਬ ਦੀਆਂ ਸਰਹੱਦ ਵਪਾਰ ਲਈ ਬੰਦ ਹਨ ਪਰ ਇਸ ਦੇ ਬਾਵਜੂਦ 37 ਮੁਲਕਾਂ ਨਾਲ ਵਪਾਰ ਕੀਤਾ ਜਾ ਸਕਦਾ ਹੈ ਪਰ ਕਿਸੇ ਵੀ ਸਰਕਾਰ ਨੇ ਇਸ ਦਿਸ਼ਾ ਵੱਲ ਕੋਈ ਯਤਨ ਹੀ ਨਹੀਂ ਕੀਤਾ ਹੈ।