ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਪਿੰਡ ਭੰਗਚੜੀ ਵਿੱਚ ਮਜ਼ਦੂਰ ਪਰਿਵਾਰ ਦੇ ਇੱਕ 22 ਸਾਲਾ ਲੜਕੇ ਅਰਸ਼ਦੀਪ ਸਿੰਘ ਨੇ ਪਿੰਡ ਵਿੱਚ ਹੀ ਲੜਕੀ ਨਾਲ ਵਿਆਹ ਕਰਵਾਇਆ ਸੀ। ਅਣਖ ਦੇ ਨਾਂ ’ਤੇ ਕੁੜੀ ਦੇ ਰਿਸ਼ਤੇਦਾਰਾਂ ਨੇ ਪਿੰਡ ਦੇ ਹੀ ਕੁਝ ਨੌਜਵਾਨਾਂ ਨਾਲ ਮਿਲ ਕੇ ਅਰਸ਼ਦੀਪ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਉਸ ਨੂੰ ਮਾਰ ਦਿੱਤਾ ਸੀ ਜਿਸ ਦਾ ਮੁਲਜ਼ਮਾਂ ’ਤੇ ਪੁਲੀਸ ਵੱਲੋਂ ਪਰਚਾ ਵੀ ਦਰਜ ਕਰ ਦਿੱਤਾ ਸੀ ਪਰ ਮੁਲਜ਼ਮ ਪੁਲੀਸ ਤੋਂ ਬੇਖੌਫ ਹੋ ਕੇ ਸੋਸ਼ਲ ਮੀਡਿਆ ’ਤੇ ਪੋਸਟਾਂ ਪਾ ਕੇ ਮ੍ਰਿਤਕ ਦੇ ਪਰਿਵਾਰ ਨੂੰ ਮਾਰਨ ਦੀਆਂ ਤੇ ਪਰਚਾ ਵਾਪਸ ਲੈਣ ਦੀਆਂ ਧਮਕੀਆਂ ਦੇ ਰਹੇ ਹਨ। ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਵੱਲੋਂ 26 ਮਈ ਨੂੰ ਐੱਸਐੱਸਪੀ ਮੁਕਤਸਰ ਦੇ ਦਫ਼ਤਰ ਅੱਗੇ ਦਿੱਤੇ ਜਾ ਰਿਹੇ ਧਰਨੇ ਦੀ ਤਿਆਰੀ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਖੁੰਡੇ ਹਲਾਲ ’ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਆਖਿਆ ਕਿ ਸਰਮਾਏਦਾਰਾਂ ਪੱਖੀ ਸਰਕਾਰਾਂ ਵੱਲੋਂ ਕਦੇ ਵੀ ਮਜ਼ਦੂਰ ਨੂੰ ਇਨਸਾਫ ਨਹੀਂ ਦਿੱਤਾ ਗਿਆ। ਮਜ਼ਦੂਰਾਂ ਨੇ ਹਮੇਸ਼ਾ ਆਪਣੇ ਏਕੇ ਦੇ ਜ਼ੋਰ ’ਤੇ ਤਿੱਖੇ ਸੰਘਰਸ਼ ਨਾਲ ਹੀ ਆਪਣੇ ਮਸਲੇ ਹੱਲ ਕਰਵਾਏ ਹਨ। ਇਸ ਲਈ ਮਜ਼ਦੂਰਾਂ ਨੂੰ 26 ਮਈ ਨੂੰ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿੱਤੇ ਜਾਣ ਵਾਲੇ ਧਰਨੇ ’ਚ ਵੱਡੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਰਵਿੰਦਰ ਸਿੰਘ ਖੁੰਡੇ ਹਲਾਲ, ਸੁਖਦੇਵ ਸਿੰਘ, ਰੂਪ ਸਿੰਘ, ਕਰਨਾ ਸਿੰਘ, ਮੰਦਰ ਸਿੰਘ, ਸੱਤਪਾਲ ਸਿੰਘ, ਜਸਪ੍ਰੀਤ ਸਿੰਘ, ਹਰਬੰਸ ਕੌਰ, ਪਰਮਜੀਤ ਕੌਰ, ਭਜਨ ਕੌਰ, ਸਿਮਰਜੀਤ ਕੌਰ ਅਦਿ ਸ਼ਾਮਲ ਸਨ।