ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਸਤੰਬਰ
ਇਥੇ ਬਰਨਾਲਾ ਰੋਡ ’ਤੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਵਿਚ ਇੱਕ ਸੇਵਾਮੁਕਤ ਪੁਲੀਸ ਮੁਲਾਜ਼ਮ ਨੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ। ਸੰਗਰੂਰ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਪੁਲੀਸ ਅਨੁਸਾਰ ਮ੍ਰਿਤਕਾ ਦੇ ਪੁੱਤਰ ਅਮਨਦੀਪ ਸਿੰਘ ਉਰਫ਼ ਗੋਗਾ ਵਾਸੀ ਮਾਡਲ ਟਾਊਨ ਬਡਰੁੱਖਾਂ ਨੇ ਦੱਸਿਆ ਹੈ ਕਿ ਉਸਦਾ ਪਿਤਾ ਮਲਕੀਤ ਸਿੰਘ (50) ਅਤੇ ਮਾਤਾ ਹਰਪਾਲ ਕੌਰ ਉਸਦੇ ਛੋਟੇ ਭਰਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬਰਨਾਲਾ ਰੋਡ ਸੰਗਰੂਰ ਵਿਖੇ ਰਹਿੰਦੇ ਹਨ। ਉਸਨੇ ਆਪਣੀ ਮਾਤਾ ਹਰਪਾਲ ਕੌਰ ਨੂੰ ਫੋਨ ਕੀਤਾ ਪਰੰਤੂ ਫੋਨ ਨਾ ਲੱਗਿਆ। ਇਸ ਤੋਂ ਬਾਅਦ ਉਹ ਆਪਣੀ ਮਾਤਾ ਨੂੰ ਮਿਲਣ ਲਈ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਆਇਆ। ਉਸ ਨੇ ਦੇਖਿਆ ਕਿ ਘਰ ਨੂੰ ਤਾਲਾ ਲੱਗਿਆ ਹੋਇਆ ਹੈ। ਉਹ ਆਪਣੀ ਮਾਤਾ ਦੀ ਤਲਾਸ਼ ਕਰਦਾ ਹੋਇਆ ਮਕਾਨ ਦੇ ਸਾਹਮਣੇ ਗਲੀ ਦੇ ਦੂਜੇ ਪਾਸੇ ਇਕ ਪਲਾਟ ਜਿਸਦੀ ਚਾਰ ਦੀਵਾਰੀ ਕੀਤੀ ਹੋਈ ਹੈ ਨੇੜੇ ਪੁੱਜਿਆਂ ਤਾਂ ਦੇਖਿਆ ਕਿ ਉਸਦੀ ਮਾਤਾ ਹਰਪਾਲ ਕੌਰ ਦੀ ਲਾਸ਼ ਖੂਨ ਨਾਲ ਲਥਪੱਥ ਪਈ ਸੀ। ਪੜਤਾਲ ਕਰਨ ’ਤੇ ਉਸਨੂੰ ਪਤਾ ਲੱਗਿਆ ਕਿ ਕੱਲ੍ਹ ਉਸਦੇ ਪਿਤਾ ਮਲਕੀਤ ਸਿੰਘ ਦੀ ਉਸ ਦੀ ਮਾਤਾ ਹਰਪਾਲ ਕੌਰ ਨਾਲ ਲੜਾਈ ਹੋਈ ਸੀ। ਇਸ ਮਗਰੋਂ ਉਸ ਦੇ ਪਿਤਾ ਨੇ ਕੁਹਾੜੀ ਮਾਰ ਕੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਇਕ ਕੁਹਾੜੀ ਵੀ ਮਾਤਾ ਦੀ ਲਾਸ਼ ਕੋਲ ਪਈ ਸੀ, ਜਿਸ ਉਪਰ ਖੂਨ ਲੱਗਾ ਹੋਇਆ ਸੀ। ਇਸ ਮਗਰੋਂ ਉਹ ਆਪਣੇ ਪਿੰਡ ਦੇ ਪੰਚ ਨੂੰ ਨਾਲ ਲੈ ਕੇ ਪੁਲੀਸ ਕੋਲ ਗਿਆ ਤੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ। ਉਸ ਨੇ ਦੱਸਿਆ ਕਿ ਉਸਦਾ ਪਿਤਾ, ਉਸਦੀ ਮਾਤਾ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਉਸ ਦੇ ਪਿਤਾ ਨੇ ਸਮੇਂ ਤੋਂ ਪਹਿਲਾਂ ਹੀ ਪੁਲੀਸ ਦੀ ਨੌਕਰੀ ਤੋਂ ਸੇਵਾਮੁਕਤੀ ਲੈ ਲਈ ਸੀ।
ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਮਲਕੀਤ ਸਿੰਘ ਵਾਸੀ ਮਾਡਲ ਟਾਊਨ ਬਡਰੁੱਖਾਂ ਹਾਲ ਆਬਾਦ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਸੰਗਰੂਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਆਰੰਭ ਦਿੱਤੀ ਹੈ।