ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 27 ਅਗਸਤ
ਸਿਹਤ ਵਿਭਾਗ ਲੁਧਿਆਣਾ ਅਤੇ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਪਿੰਡ ਗੁੱਜਰਵਾਲ ਵਿੱਚ ਇੱਕ ਡੇਅਰੀ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਘਟੀਆ ਕੁਆਲਿਟੀ ਦਾ ਮਿਲਾਵਟੀ ਦੇਸੀ ਘਿਓ ਬਣਾ ਕੇ ਵੇਚਿਆ ਜਾ ਰਿਹਾ ਸੀ। ਟੀਮ ਨੇ ਚਾਰ ਕੁਇੰਟਲ ਘਿਓ ਅਤੇ ਪੰਜ ਪੀਪੇ ਪਾਲਮੋਲੀਨ ਰਿਫਾਇੰਡ ਤੇਲ ਦੇ ਫੜ ਕੇ ਡੇਅਰੀ ਨੂੰ ਸੀਲ ਕਰ ਦਿੱਤਾ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੂਟਾ ਸਿੰਘ ਨਾਂ ਦਾ ਵਿਅਕਤੀ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਗੁੱਜਰਵਾਲ ਵਿੱਚ ਮਿਲਾਵਟੀ ਘਿਓ ਨੂੰ ਸ਼ੁੱਧ ਦੇਸੀ ਘਿਓ ਦੱਸ ਕੇ ਵੇਚਦਾ ਹੈ। ਅੱਜ ਫੂਡ ਸੇਫਟੀ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਡਰੰਮਾਂ ਵਿੱਚ ਪਏ ਘਿਓ ਅਤੇ ਪਾਲਮੋਲੀਨ ਦੇ ਸੈਂਪਲ ਭਰ ਕੇ ਸਟੇਟ ਲੈਬਾਰਟਰੀ ਨੂੰ ਭੇਜ ਦਿੱਤੇ ਹਨ।