ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਪਰੈਲ
ਬਦਲੇ ਹੋਏ ਸਿਆਸੀ ਸਮੀਕਰਨਾਂ ਤਹਿਤ ਭਾਵੇਂ ਅਜੇ ਤੱਕ ਪੰਜਾਬ ਸਰਕਾਰ ਨੇ ਸੂਬੇ ਵਿੱਚ ਝੋਨੇ ਦੀ ਲਵਾਈ ਲਈ ਸਮਾਂ ਨਿਸ਼ਚਿਤ ਨਹੀਂ ਕੀਤਾ, ਫਿਰ ਵੀ ਕਿਸਾਨਾਂ ਨੇ ਝੋਨੇ ਦੀ ਪਨੀਰੀ ਬੀਜਣ ਦੀ ਤਿਆਰੀ ਖਿੱਚ ਦਿੱਤੀ ਹੈ। ਕਿਸਾਨਾਂ ਨੇ ਪਨੀਰੀ ਬੀਜਣ ਦੀ ਇਹ ਪ੍ਰਕਿਰਿਆ ਉਸ ਵੇਲੇ ਆਰੰਭੀ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਸਿੱਧਾ ਝੋਨਾ ਬੀਜ ਕੇ ਪਾਣੀ ਅਤੇ ਬਿਜਲੀ ਬਚਾਉਣ ਦਾ ਸੁਨੇਹਾ ਦਿੱਤਾ ਹੈ।
ਮਾਲਵਾ ਖੇਤਰ ਵਿੱਚ ਝੋਨੇ ਦੀ ਫ਼ਸਲ ਵੱਡੇ ਪੱਧਰ ’ਤੇ ਬੀਜੀ ਜਾਂਦੀ ਹੈ। ਸੀਜ਼ਨ ਦੌਰਾਨ ਕਿਸਾਨਾਂ ਵੱਲੋਂ ਫ਼ਸਲ ਲਈ ਜ਼ਿਆਦਾਤਰ ਧਰਤੀ ਹੇਠਲਾ ਪਾਣੀ ਵਰਤਿਆ ਜਾਂਦਾ ਹੈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੱਦੋਂ ਵੱਧ ਹੇਠਾਂ ਚਲਾ ਗਿਆ ਹੈ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਪਿਛਲੇ 15 ਸਾਲਾਂ ਤੋਂ ਬਾਕਾਇਦਾ ਮੁਹਿੰਮ ਚਲਾਉਂਦੀ ਹੈ।
ਕਿਸਾਨ ਆਗੂ ਅਤੇ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਫਫੜੇ ਨੇ ਕਿਹਾ ਕਿ ਪਹਿਲਾਂ ਕਿਸਾਨ ਝੋਨੇ ਦੀ ਲਵਾਈ ਆਪਣੀ ਮਰਜ਼ੀ ਅਨੁਸਾਰ ਕੁਝ ਅਗੇਤੀ, ਕੁਝ ਪਛੇਤੀ ਕਰਦੇ ਸਨ ਅਤੇ ਕਈ ਤਰ੍ਹਾਂ ਦੀਆਂ ਕਿਸਮਾਂ ਦੀ ਵਰਤੋਂ ਕਰਦੇ ਸਨ, ਜਿਸ ਕਾਰਨ ਕਿਸਾਨਾਂ ਨੂੰ ਨਾ ਕਦੇ ਲੇਬਰ ਦੀ ਦਿੱਕਤ ਆਈ ਸੀ ਤੇ ਨਾ ਹੀ ਕਦੇ ਮੰਡੀ ਵਿੱਚ ਝੋਨੇ ਦੀ ਖਰੀਦ ਸਮੇਂ ਕੋਈ ਸਮੱਸਿਆ ਆਈ ਸੀ। ਸਰਕਾਰ ਦੀ ਸਖ਼ਤੀ ਕਾਰਨ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਨੂੰ ਇਹ ਮੁਸ਼ਕਲਾਂ ਆ ਰਹੀਆਂ ਹਨ।
ਪਨੀਰੀ ਪਹਿਲਾਂ ਬੀਜਣੀ ਕਿਸਾਨਾਂ ਦੀ ਮਜਬੂਰੀ: ਭੈਣੀਬਾਘਾ
ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੂਸਾ-44 ਸਮੇਤ ਝੋਨੇ ਦੀਆਂ ਹੋਰ ਕਿਸਮਾਂ ਪੱਕਣ ’ਚ ਲੰਮਾ ਸਮਾਂ ਲੈਂਦੀਆਂ ਹਨ, ਜਿਸ ਕਰਕੇ ਝੋਨੇ ਦੀ ਪਨੀਰੀ ਇੱਕ ਮਹੀਨਾ ਪਹਿਲਾਂ ਬੀਜਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀਆਂ ਕੁਝ ਪਛੇਤੀਆਂ ਕਿਸਮਾਂ ਦੀ ਪੌਦ ਮਈ ਦੇ ਅਖੀਰ ਵਿੱਚ ਲਾਈ ਜਾਂਦੀ ਹੈ ਪਰ ਜਿਹੜੀਆਂ ਕਿਸਮਾਂ ਲੰਮੇ ਸਮੇਂ ’ਚ ਪੱਕਦੀਆਂ ਹਨ, ਉਸ ਦੀ ਪਨੀਰੀ ਪਹਿਲਾਂ ਬੀਜਣਾ ਕਿਸਾਨਾਂ ਦੀ ਮਜਬੂਰੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਵਾਰ ਝੋਨੇ ਦੀ ਲਵਾਈ 25 ਮਈ ਤੋਂ ਆਰੰਭ ਕਰਨ ਦੀ ਮੰਗ ਕੀਤੀ ਹੈ।