ਸੁਖਮੰਦਰ ਸਿੰਘ ਤੂਰ
ਮਨੁੱਖੀ ਜੀਵਨ ਦੇ ਹਰ ਪੱਖ ਦੇ ਉਚਿੱਤ ਵਿਕਾਸ ਲਈ ਘਰ ਦੀ ਅਹਿਮੀਅਤ ਹੋਰ ਕਿਸੇ ਵੀ ਸੁਵਿਧਾ ਤੋਂ ਕਿਤੇ ਵਧੇਰੇ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਮਾਂ ਜਾਂ ਬਾਪ ਵਿੱਚੋਂ ਕਿਸੇ ਦੇ ਨਾ ਹੋਣ ਉਪਰੰਤ ਵੀ ਬੇਸ਼ੱਕ ਘਰ ਚੱਲਦਾ ਰਹਿੰਦਾ ਹੈ, ਬੱਚਿਆਂ ਵਿੱਚ ਸਮਾਜਿਕ ਸਹਿਮ ਜਾਂ ਭਾਵਨਾਤਮਕ ਪੱਧਰ ਦੀਆਂ ਊਣਤਾਈਆਂ ਜ਼ਰੂਰ ਘਰ ਕਰ ਜਾਂਦੀਆਂ ਹਨ। ਪੂਰੇ ਬੌਧਿਕ ਅਤੇ ਆਤਮਿਕ ਵਿਕਾਸ ਤੋਂ ਬਿਨਾਂ ਜੀਵਨ ਨੂੰ ਸੁਚੱਜੇ ਅਰਥਾਂ ਵਿੱਚ ਨਹੀਂ ਜੀਵਿਆ ਜਾ ਸਕਦਾ। ਇਸ ਤਰ੍ਹਾਂ ਦੇ ਹਾਲਾਤ ਵਿੱਚ ਜ਼ਿੰਦਗੀ ਗੁਜ਼ਰ ਤਾਂ ਜਾਂਦੀ ਹੈ, ਪਰ ਮਾਣੀ ਹੋਈ ਨਹੀਂ ਕਹੀ ਜਾ ਸਕਦੀ। ਇਹ ਘਰ ਦਾ ਨਿੱਘ ਹੀ ਹੁੰਦਾ ਹੈ, ਜੋ ਜ਼ਮਾਨੇ ਦੀਆਂ ਸ਼ੀਤ ਹਵਾਵਾਂ ਅਤੇ ਕਕਰੀਲੀਆਂ ਰਾਤਾਂ ਵਰਗੇ ਸਮਿਆਂ ਵਿੱਚ ਵੀ ਮਨੁੱਖੀ ਰੂਹ ਨੂੰ ਜਿਊਣ ਜੋਗੀ ਗਰਮਾਹਟ ਪ੍ਰਦਾਨ ਕਰੀ ਰੱਖਦਾ ਹੈ। ਘਰ ਪਰਤਣ ਦੇ ਅਹਿਸਾਸ ਵਿੱਚ ਜੋ ਤਾਕਤ ਅਤੇ ਸਕੂਨ ਹੈ, ਉਹ ਮਨੁੱਖ ਨੂੰ ਪੂਰੀ ਦੁਨੀਆ ਨਾਲ ਲੜਨ ਤੇ ਜੀਵਨ ਨਾਲ ਹਰ ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਨਜ਼ਰ ਮਿਲਾਉਣ ਦਾ ਹੌਸਲਾ ਬਖ਼ਸ਼ ਸਕਣ ਦੇ ਸਮਰੱਥ ਹੈ।
ਮਨੁੱਖ ਜਿੱਥੇ ਵੀ ਤੁਰਿਆ-ਫਿਰਦਾ ਹੈ, ਉਹ ਆਪਣੇ ਘਰ ਦੀ ਬਦੌਲਤ ਹੀ ਹੈ। ਜੇ ਘਰ, ਘਰ ਹੈ ਤਾਂ ਜੀਵਨ, ਜੀਵਨ ਹੈ। ਨਹੀਂ ਤਾਂ ਦੁਨੀਆ ਸਿਰਫ਼ ਚਲੋ-ਚਲੀ ਦਾ ਮੇਲਾ ਬਣ ਕੇ ਰਹਿ ਜਾਂਦੀ ਹੈ। ਘਰ ਵਿਚ ਰਿਸ਼ਤਿਆਂ ਦੀ ਖੁਸ਼ਬੂ ਤਿਆਗ ਦੀ ਸੁਗੰਧ ਤੇ ਆਪਣੇਪਣ ਦੇ ਨਿੱਘ ਕਾਰਨ ਹੀ ਜ਼ਿੰਦਗੀ ਦੇ ਪਲ ਖ਼ੂਬਸੂਰਤ ਤੇ ਕੀਮਤੀ ਬਣਦੇ ਹਨ। ਜੇ ਸਿਰਫ਼ ਖਾਣਾ-ਪੀਣਾ, ਸੌਣਾ ਤੇ ਆਰਾਮ ਹੀ ਜੀਵਨ ਦਾ ਮਕਸਦ ਹੁੰਦਾ ਤਾਂ ਜ਼ਿੰਦਗੀ ਅੱਜ ਕਿਧਰੇ ਨਜ਼ਰ ਨਾ ਆਉਂਦੀ। ਇਹ ਗੱਲ ਵੱਖਰੀ ਹੈ ਕਿ ਬੁਲੰਦ ਹੌਸਲੇ ਸੰਗ ਕਦਮ ਮਿਲਾ ਕੇ ਤੁਰਨ ਦੀ ਵੁੱਕਤ ਕੁਝ ਕੁ ਲੋਕਾਂ ਨੇ ਹੀ ਪ੍ਰਾਪਤ ਕੀਤੀ ਹੈ। ਜੀਵਨ ਜਿਊਣ ਦਾ ਢੰਗ, ਸੋਚ ਤੇ ਸਲੀਕਾ ਅਸੀਂ ਆਪਣੇ ਘਰ ਤੋਂ ਹੀ ਸੰਸਕਾਰਾਂ ਰਾਹੀਂ ਪ੍ਰਾਪਤ ਕਰਦੇ ਹਾਂ। ਸੰਸਕਾਰ ਪੀੜ੍ਹੀ ਦਰ ਪੀੜ੍ਹੀ ਜੀਵੀ ਜ਼ਿੰਦਗੀ ਦੀਆਂ ਚੰਗਿਆਈਆਂ/ ਬੁਰਾਈਆਂ ਨਾਲ ਸਬੰਧਤ ਸਿਲਸਿਲਾ ਹੁੰਦਾ ਹੈ, ਜੋ ਅਚੇਤ ਰੂਪ ਵਿੱਚ ਸਾਡੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ, ਜਿਸ ਬਾਰੇ ਸਿੱਧੇ ਤੌਰ ’ਤੇ ਸਪੱਸ਼ਟ ਰੂਪ ਵਿੱਚ ਅਸੀਂ ਬਹੁਤੀ ਵਾਰੀ ਵਾਕਿਫ਼ ਨਹੀਂ ਹੁੰਦੇ। ਅਸੀਂ ਪੂਰਨ ਤੌਰ ’ਤੇ ਆਪਣੇ ਅੰਦਰ ਛੁਪੇ ਹੋਏ ਸੰਸਕਾਰਾਂ ਤੋਂ ਵਾਕਿਫ਼ ਹੋਈਏ ਜਾਂ ਨਾ ਹੋਈਏ, ਪਰ ਸਮਾਜ ਸਾਡੇ ਵਿਵਹਾਰ ਰਾਹੀਂ ਸਮੇਂ-ਸਮੇਂ ਜਾਣੂ ਹੁੰਦਾ ਰਹਿੰਦਾ ਹੈ।
ਜੀਵਨ ਵਿੱਚ ਜੋ ਸੁੱਖ ਕਿਸੇ ਲਈ ਆਪਣਾ ਬਣਦਾ ਹੱਕ/ਹਿੱਸਾ ਵਾਰ ਦੇਣ ਵਿੱਚ ਹੈ ਜਾਂ ਦੇ ਦੇਣ ਵਿੱਚ ਹੈ, ਓਨਾ ਆਨੰਦ ਲੈ ਜਾਣ ਜਾਂ ਕਬਜ਼ਾ ਰੱਖਣ ਵਿੱਚ ਕਦੀ ਨਹੀਂ ਹੋ ਸਕਦਾ। ਇਹ ਭਾਵਨਾ ਘਰ ਵਿੱਚ ਵੱਸਦੇ ਹੀ ਆਦਤਾਂ ਵਿਚ ਰਸ ਸਕਦੀ ਹੈ। ਨਹੀਂ ਤਾਂ ਮਨੁੱਖ ਸਾਰੀ ਉਮਰ ਇਕੱਠੀ ਕਰਨ ਵਿੱਚ ਬਤੀਤ ਕਰ ਦਿੰਦਾ ਹੈ, ਅਖੀਰ ਕੁਝ ਇਕੱਠਾ ਹੋਣ ਦੀ ਥਾਂ ਸਫਾਚੱਟ ਹੋਇਆ ਹੁੰਦਾ ਹੈ। ਅੰਤ ਸਮੇਂ ਵਿੱਚ ਮਨੁੱਖ ਨੂੰ ਆਪਣੀ ਗ਼ਲਤੀ ’ਤੇ ਪਛਤਾਵਾ ਕਰਨ ਦਾ ਮੌਕਾ ਵੀ ਨਾ ਮਿਲ ਸਕੇ ਤਾਂ ਇਸ ਤੋਂ ਵੱਡੀ ਸਜ਼ਾ ਜਾਂ ਬਦਨਸੀਬੀ ਹੋਰ ਕੀ ਹੋ ਸਕਦੀ ਹੈ।
ਜ਼ਿੰਦਗੀ ਦੇ ਰਾਹ ਹਮੇਸ਼ਾਂ ਸਾਵੇ-ਪੱਧਰੇ ਨਹੀਂ ਟੱਕਰਦੇ ਤੇ ਅਚਨਚੇਤ ਮੱਥੇ ਲੱਗੇ ਤੂਫ਼ਾਨਾਂ ਤੋਂ ਬਚਣਾ ਮੁਮਕਿਨ ਵੀ ਨਹੀਂ ਹੁੰਦਾ। ਤੂਫ਼ਾਨਾਂ ਵਿੱਚ ਘਿਰੇ ਹੋਏ ਵੀ ਜੇ ਅੰਤਹਕਰਣ ਵਿੱਚੋਂ ਜੀਵਨ ਦੀ ਕਿਰਨ ਦਾ ਝਾਉਲਾ ਮਨੋ ਨਾ ਵਿਸਰੇ ਤਾਂ ਨਿਸ਼ਚੇ ਹੀ ਇਹੋ ਹੀ ਘਰ ਦੀ ਬਰਕਤ ਹੈ। ਜਿਵੇਂ ਕੁਦਰਤ ਆਪਣੀਆਂ ਨਿਆਮਤਾਂ ਨਿਛਾਵਰ ਕਰਨ ਲੱਗਿਆਂ ਕਿਸੇ ਕਿਸਮ ਦਾ ਭੇਦਭਾਵ ਨਹੀਂ ਕਰਦੀ, ਉਵੇਂ ਹੀ ਘਰ ਵਿੱਚ ਆਏ ਕਿਸੇ ਜੀਵ ਨਾਲ ਵੀ ਭੇਦਭਾਵ ਪੂਰੀ ਤਰ੍ਹਾਂ ਵਰਜਿਤ ਹੁੰਦਾ ਹੈ। ਅਜੋਕੇ ਸਮੇਂ ਵਿੱਚ ਵਿਭਿੰਨ ਪ੍ਰਕਾਰ ਦੇ ਭੇਦਭਾਵਾਂ ਨੇ ਆਪਣੇ ਵਿਸ਼ੈਲੇ ਤੀਰਾਂ ਨਾਲ ਮਨੁੱਖੀ ਮਨ ਨੂੰ ਲਹੂ-ਲੁਹਾਣ ਕੀਤਾ ਹੋਇਆ ਹੈ। ਸੰਕੀਰਣ ਭਾਵਾਂ ਦੇ ਕਾਰਨ ਹੀ ਮਨੁੱਖ ਆਪਣੇ-ਆਪ ਨੂੰ, ਸੱਚ ਨੂੰ ਸਮਝਣ ਤੋਂ ਦੂਰ ਹੋ ਗਿਆ ਹੈ। ਇਹੋ ਬੁਰੀਆਂ ਅਲਾਮਤਾਂ ਮਨੁੱਖੀ ਰਵੱਈਏ ਨੂੰ ਨਫ਼ਰਤ ਭਰਿਆ ਬਣਾ ਰਹੀਆਂ ਹਨ, ਜਿਸ ਨਾਲ ਜੀਵਨ ਵਿੱਚ ਕੁੜੱਤਣ ਦਾ ਅਹਿਸਾਸ ਵਧਦਾ ਜਾ ਰਿਹਾ ਹੈ।
ਘਰ ਰੂਪੀ ਸੰਸਥਾ ਦੀ ਮਜ਼ਬੂਤੀ ਮੈਂਬਰਾਂ ਦੀ ਵਧੇਰੇ ਗਿਣਤੀ ਵਿੱਚ ਨਹੀਂ ਹੁੰਦੀ, ਸਗੋਂ ਆਪਸੀ ਸੂਝ, ਵਿਸ਼ਵਾਸ ਅਤੇ ਭਾਵਨਾਵਾਂ ਦੀ ਕਦਰ ਉੱਤੇ ਟਿਕੀ ਹੁੰਦੀ ਹੈ। ਪਿਆਰ ਮਨੁੱਖੀ ਮਨ ਦੇ ਕੋਮਲ ਭਾਵਾਂ ਵਿੱਚੋਂ ਇੱਕ ਮੰਨਿਆ ਗਿਆ ਹੈ, ਵੱਧਦੇ ਪੱਛਮੀ ਪ੍ਰਭਾਵ ਤੇ ਸੰਚਾਰ ਸੁਵਿਧਾਵਾਂ ਕਾਰਨ ਲੋਕਾਂ ਨੇ ਪਿਆਰ ਵਰਗੇ ਨਿੱਜੀ ਜਜ਼ਬੇ ਨੂੰ ਵੀ ਵਿਖਾਵਾ ਜਾਂ ਫੈਸ਼ਨ ਬਣਾ ਛੱਡਿਆ ਹੈ। ਜਿਸ ਤਰ੍ਹਾਂ ਧੜਾਧੜ ਵਿਆਹ ਹੋ ਰਹੇ ਹਨ, ਉਸੇ ਰਫ਼ਤਾਰ ਨਾਲ ਸਮਾਜਿਕ ਜੀਵਨ ਵਿੱਚ ਕੜਵਾਹਟ ਤੇ ਗੁਸੈਲੀਆਂ ਭਾਵਨਾਵਾਂ ਵਿਸਫੋਟਕ ਰੂਪ ਧਾਰਨ ਕਰਦੀਆਂ ਵਿਖਾਈ ਦੇ ਰਹੀਆਂ ਹਨ। ਤਲਾਕ ਵਧ ਰਹੇ ਹਨ। ਪਿਆਰ ਜਾਂ ਪਿਆਰ ਵਿਆਹ ਮਾੜਾ ਨਹੀਂ ਹੈ, ਪਰ ਸ਼ੁਗਲ ਸਮਝ ਕੇ ਕੀਤੀ ਬੇਵਕੂਫੀ ਅੰਤ ਵਿੱਚ ਬਹੁਤ ਮਾੜੇ ਸਿੱਟੇ ਦਿੰਦੀ ਹੈ। ਘਰ ਦੀ ਬੁਨਿਆਦ ਕੁਰਬਾਨੀ ਦੇ ਆਧਾਰ ’ਤੇ ਰੱਖੀ ਜਾਂਦੀ ਹੈ। ਫਿਰ ਉੱਪਰ ਚਰਿੱਤਰ ਦੇ ਬਾਕੀ ਚੰਗੇਰੇ ਗੁਣ ਸੁੰਦਰ ਮੋਤੀਆਂ ਵਾਂਗ ਜੜੀਦੇ ਹਨ। ਪ੍ਰੇਮ, ਹਮਦਰਦੀ, ਸੁਹਿਰਦਤਾ, ਈਮਾਨਦਾਰੀ, ਸਹਿਣਸ਼ੀਲਤਾ ਅਤੇ ਦੂਸਰਿਆਂ ਨਾਲ ਮਿਲ-ਬੈਠ ਕੇ ਰਹਿਣ ਵਰਗੇ ਗੁਣਾਂ ਦੀ ਜਿੰਨੀ ਜ਼ਰੂਰਤ ਬੀਤੇ ਸਮੇਂ ਵਿੱਚ ਵਿਚ ਸੀ, ਨਿਰਸੰਦੇਹ ਓਨੀ ਜ਼ਰੂਰਤ ਅੱਜ ਵੀ ਹੈ। ਤਸੱਲੀ ਨਾਲ ਭਰੀ ਜਿਊਣ ਸ਼ੈਲੀ, ਅਸੀਂ ਨਾ ਸਿਰਫ਼ ਮਿਲ ਕੇ ਲੱਭਣੀ ਹੈ, ਬਲਕਿ ਵਿਵਹਾਰਕ ਰੂਪ ਵਿੱਚ ਅਪਣਾ ਕੇ ਸੱਚੇ-ਸੁੱਚੇ ਅਰਥਾਂ ਵਾਲੇ ਘਰਾਂ ਦਾ ਨਿਰਮਾਣ ਵੀ ਕਰਨਾ ਹੈ।