ਪਰਮਜੀਤ ਸਿੰਘ
ਫਾਜ਼ਿਲਕਾ, 17 ਸਤੰਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਧੀਰ ਮਿੱਤਲ ਵੱਲੋਂ ਅੱਜ ਫਾਜ਼ਿਲਕਾ ਜ਼ਿਲ੍ਹਾ ਕੋਰਟ ਕੰਪਲੈਕਸ ’ਚ ਨਾਬਾਲਿਗ ਬੱਚਿਆਂ ਦੇ ਗਵਾਹੀ ਕੇਂਦਰ ਅਤੇ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਭਨਾਂ ਲਈ ਨਿਆਂ ਦੇ ਟੀਚੇ ਦੀ ਪ੍ਰਾਪਤ ਲਈ ਇਕ ਕਦਮ ਹੈ ਅਤੇ ਇਸ ਨਾਲ ਦੇਸ਼ ਦੀ ਨਿਆਂਇਕ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਹ ਫਾਜ਼ਿਲਕਾ ਸੈਸ਼ਨਜ਼ ਡਵੀਜ਼ਨ ਦੇ ਐਡਮਿਨਸਟ੍ਰੇਟਿਵ ਜੱਜ ਵੀ ਹਨ ਅਤੇ ਉਨ੍ਹਾਂ ਨੇ ਇਸ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੀਆਂ ਅਦਾਲਤਾਂ ਦਾ ਦੌਰਾ ਵੀ ਕੀਤਾ।
ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਨੇ ਦੱਸਿਆ ਕਿ ਜਸਟਿਸ ਸੁਧੀਰ ਮਿੱਤਲ ਵੱਲੋਂ ਅੱਜ ਜਿਸ ਬਾਲ ਗਵਾਹੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ ਉਸ ’ਚ ਜਿੱਥੇ ਕਿਤੇ ਵੀ ਕਿਸੇ ਬੱਚੇ ਦੀ ਗਵਾਹੀ ਲੋਂੜੀਂਦੀ ਹੋਵੇਗੀ, ਉਹ ਇਸ ਕੇਂਦਰ ਤੋਂ ਵੀਡੀਓ ਕਾਨਫਰੰਸ ਰਾਹੀਂ ਆਪਣੀ ਗਵਾਹੀ ਦੇ ਸਕੇਗਾ ਅਤੇ ਭੌਤਿਕ ਤੌਰ ’ਤੇ ਉਸ ਦਾ ਮੁਜਰਮ ਨਾਲ ਸਾਹਮਣਾ ਨਹੀਂ ਹੋਵੇਗਾ। ਇਸ ਕਾਰਨ ਬੱਚੇ ਦਾ ਭਰੋਸਾ ਕਾਇਮ ਰਹੇਗਾ ਤੇ ਉਹ ਨਿਡਰ ਹੋ ਕੇ ਆਪਣੀ ਗਵਾਹੀ ਦੇ ਸਕੇਗਾ। ਇਸ ਨਾਲ ਨਿਆਂ ਪ੍ਰਣਾਲੀ ਵਿੱਚ ਸੁਧਾਰ ਹੋਵੇਗਾ।
ਇਸ ਮਗਰੋਂ ਜਸਟਿਸ ਸੁਧੀਰ ਮਿੱਤਲ ਨੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਜ਼ਿਲ੍ਹੇ ਦੇ ਜੱਜਾਂ ਨਾਲ ਮੀਟਿੰਗ ਕਰਕੇ ਅਦਾਲਤਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਜਗਮੋਹਨ ਸਿੰਘ ਸੰਘਾ ਅਤੇ ਹੋਰ ਪਤਵੰਤੇ ਹਾਜ਼ਰ ਸਨ।