ਨਵੀਂ ਦਿੱਲੀ, 29 ਸਤੰਬਰ
ਲੈਫਟੀਨੈਂਟ ਜਨਰਲ (ਸੇਵਾਮੁਕਤ) ਅਨਿਲ ਚੌਹਾਨ ਸ਼ੁੱਕਰਵਾਰ ਨੂੰ ਨਵੇਂ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਵਜੋਂ ਚਾਰਜ ਲੈਣਗੇ। ਉਹ ਅਗਲੇ ਹੁਕਮਾਂ ਤੱਕ ਮਿਲਟਰੀ ਅਫੇਅਰਜ਼ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ। ਸਰਕਾਰ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਇਸ ਨਵੀਂ ਨਿਯੁਕਤੀ ਦਾ ਐਲਾਨ ਕੀਤਾ ਸੀ। ਲੈਫਟੀਨੈਂਟ ਜਨਰਲ ਚੌਹਾਨ 11 ਗੋਰਖਾ ਰਾਈਫਲਜ਼ ਵਿਚੋਂ ਹਨ ਅਤੇ ਦੇਸ਼ ਦੇ ਪਹਿਲੇ ਸੀਡੀਐੱਸ ਮਰਹੂਮ ਜਨਰਲ ਬਿਪਿਨ ਰਾਵਤ ਵੀ ਇਸੇ ਰੈਜੀਮੈਂਟ ਨਾਲ ਸਬੰਧਤ ਸਨ। ਚੌਹਾਨ ਸਾਲ 2019 ਵਿੱਚ ਬਾਲਾਕੋਟ ਹਵਾਈ ਹਮਲਿਆਂ ਮੌਕੇ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ (ਡੀਜੀਐੱਮਓ) ਸਨ। ਉਹ ਪਿਛਲੇ ਸਾਲ ਪੂਰਬੀ ਫੌਜ ਦੇ ਕਮਾਂਡਰ ਵਜੋਂ ਸੇਵਾਮੁਕਤ ਹੋਏ ਸਨ ਤੇ ਅੱਜਕਲ੍ਹ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਵਾਲੇ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਵਿੱਚ ਮਿਲਟਰੀ ਐਡਵਾਈਜ਼ਰ ਵਜੋਂ ਕੰਮ ਕਰ ਰਹੇ ਸਨ। ਉਧਰ ਚੌਹਾਨ ਦੀ ਇਸ ਨਵੀਂ ਨਿਯੁਕਤੀ ਨਾਲ ਉਨ੍ਹਾਂ ਦੇ ਪਿੱਤਰੀ ਰਾਜ ਉੱਤਰਾਖੰਡ ਵਿੱਚ ਖੁਸ਼ੀ ਤੇ ਜਸ਼ਨ ਦਾ ਮਾਹੌਲ ਹੈ। -ਪੀਟੀਆਈ