ਨਵੀਂ ਦਿੱਲੀ, 29 ਸਤੰਬਰ
ਮੁੱਖ ਅੰਸ਼
- ਦਿੱਲੀ ’ਚ ਦੇਰ ਰਾਤ ਪਾਰਟੀ ਪ੍ਰਧਾਨ ਨੂੰ ਮਿਲੇ ਸਚਿਨ ਪਾਇਲਟ
ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ, ਪਰ ਮੈਦਾਨ ਵਿੱਚ ਨਿੱਤਰਨ ਵਾਲੇ ਸੰਭਾਵੀ ਉਮੀਦਵਾਰਾਂ ਬਾਰੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਅੱਜ ਚੋਣ ਨਾ ਲੜਨ ਦੇ ਕੀਤੇ ਐਲਾਨ ਮਗਰੋਂ ਹੁਣ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਦਾ ਨਾਂ ਗਾਂਧੀ ਪਰਿਵਾਰ ਦੇ ਪਸੰਦੀਦਾ ਉਮੀਦਵਾਰ ਵਜੋਂ ਸਾਹਮਣੇ ਆਇਆ ਹੈ। ਉਧਰ ਸੀਨੀਅਰ ਪਾਰਟੀ ਆਗੂ ਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਵੀ ਆਪਣੀ ਦਾਅਵੇਦਾਰੀ ਨੂੰ ਲੈ ਕੇ ਅਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ। ਮੁੱਖ ਮੁਕਾਬਲਾ ਦਿਗਵਿਜੈ ਬਨਾਮ ਥਰੂਰ ਹੁੰਦਾ ਹੈ ਜਾਂ ਫਿਰ ਕਿਸੇ ਤੀਜੇ ਆਗੂ ਬਾਰੇ ਸਰਬਸੰਮਤੀ ਬਣਦੀ ਹੈ, ਇਹ ਭਲਕੇ ਜਾਂ ਫਿਰ ਨਾਮਜ਼ਦਗੀਆਂ ਵਾਪਸ ਲੈਣ ਵਾਲੇ ਦਿਨ ਪਤਾ ਲੱਗੇਗਾ। ਇਸ ਦੌਰਾਨ ਸਚਿਨ ਪਾਇਲਟ ਨੇ ਵੀ ਦੇਰ ਰਾਤ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਕੇ ਰਾਜਸਥਾਨ ਵਿੱਚ ਪਾਰਟੀ ਨੂੰ ਦਰਪੇਸ਼ ਸੰਕਟ ’ਤੇ ਚਰਚਾ ਕੀਤੀ। ਪਾਇਲਟ ਨੇ ਕਿਹਾ ਕਿ 2023 ਦੀਆਂ ਅਸੈਂਬਲੀ ਚੋਣਾਂ ਜਿੱਤਣਾ ਸਿਖਰਲੀ ਤਰਜੀਹ ਰਹੇਗੀ ਤੇ ਰਾਜਸਥਾਨ ਕਾਂਗਰਸ ਬਾਰੇ ਕੋਈ ਵੀ ਫੈਸਲਾ ਸੋਨੀਆ ਗਾਂਧੀ ਲੈਣਗੇ।
ਕਾਂਗਰਸ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਣੀ ਹੈ ਜਦੋਂਕਿ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਅੱਜ ਦਿਨੇਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 10 ਜਨਪਥ ਵਿੱਚ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ ਮਗਰੋਂ ਕਾਂਗਰਸ ਪ੍ਰਧਾਨ ਦੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਗਹਿਲੋਤ ਨੇ ਕਿਹਾ ਕਿ ਉਹ ਰਾਜਸਥਾਨ ਵਿੱਚ ਬਣੇ ਸਿਆਸੀ ਸੰਕਟ ਦੀ ਮੌਲਿਕ ਜ਼ਿੰਮੇਵਾਰੀ ਲੈਂਦੇ ਹਨ। ਗਹਿਲੋਤ ਨੇ ਇਥੋਂ ਤੱਕ ਆਖ ਦਿੱਤਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਨਹੀਂ, ਇਹ ਫੈਸਲਾ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਲੈਣਗੇ। ਤਿੰਨ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਗਹਿਲੋਤ ਨੇ ਖ਼ੁਦ ਨੂੰ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਦੱਸਦਿਆਂ ਪਿਛਲੇ ਦਿਨੀਂ ਰਾਜਸਥਾਨ ਕਾਂਗਰਸ ਵਿੱਚ ਵਾਪਰੀਆਂ ਘਟਨਾਵਾਂ ਲਈ ਦੁੱਖ ਦਾ ਇਜ਼ਹਾਰ ਕੀਤਾ। ਕਾਬਿਲੇਗੌਰ ਹੈ ਕਿ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੀ ਸਥਿਤੀ ਵਿੱਚ ਗਹਿਲੋਤ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਲਾਉਣ ਦੇ ਪਏ ਰੌਲੇ ਮਗਰੋਂ ਰਾਜਸਥਾਨ ਕਾਂਗਰਸ ਵਿੱਚ ਸੰਕਟ ਖੜ੍ਹਾ ਹੋ ਗਿਆ ਸੀ। ਗਹਿਲੋਤ ਸਮਰਥਕ ਵਿਧਾਇਕਾਂ ਨੇ ਪਾਰਟੀ ਦੇ ਕੇਂਦਰੀ ਨਿਗਰਾਨਾਂ ਵੱਲੋਂ ਸੱਦੀ ਮੀਟਿੰਗ ਦਾ ਬਾਈਕਾਟ ਕਰਦਿਆਂ ਇਸ ਦੇ ਬਰਾਬਰ ਮੀਟਿੰਗ ਕੀਤੀ ਸੀ। ਗਹਿਲੋਤ ਨੂੰ ਅੱਜ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣਗੇ ਤਾਂ ਉਨ੍ਹਾਂ ਕਿਹਾ, ‘‘ਮੈਂ ਪਿਛਲੇ 50 ਸਾਲਾਂ ਵਿੱਚ ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮ੍ਹਾ ਰਾਓ ਤੇ ਸੋਨੀਆ ਜੀ ਨਾਲ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕੀਤਾ ਹੈ।
ਇਸ ਦੌਰਾਨ ਮੈਂ ਕੇਂਦਰੀ ਮੰਤਰੀ, ਸੂਬਾਈ ਪ੍ਰਧਾਨ, ਜਨਰਲ ਸਕੱਤਰ ਤੇ ਤਿੰਨ ਵਾਰ ਸੂਬੇ ਦਾ ਮੁੱਖ ਮੰਤਰੀ ਵੀ ਰਿਹਾ। ਮੈਂ ਇਹ ਨਹੀਂ ਭੁੱਲ ਸਕਦਾ। ਐਤਵਾਰ ਨੂੰ ਜੋ ਕੁਝ ਹੋਇਆ, ਉਸ ਨੇ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਸਿਰਫ ਮੈਨੂੰ ਪਤਾ ਹੈ ਕਿ ਇਹ ਸੁਨੇਹਾ ਜਾਣ ਕਾਰਨ ਮੈਨੂੰ ਕਿੰਨੀ ਸੱਟ ਵੱਜੀ ਹੈ ਕਿ ਮੈਂ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦਾ ਸੀ।’’ ਗਹਿਲੋਤ ਨੇ ਕਿਹਾ, ‘‘ਮੈਂ ਸੋਨੀਆ ਜੀ ਤੋਂ ਮੁਆਫ਼ੀ ਮੰਗੀ ਹੈ ਕਿਉਂਕਿ ਇਹ ਸਧਾਰਨ ਮਤਾ, ਜੋ ਕਿ ਸਾਡੀ ਰਵਾਇਤ ਹੈ ਤੇ ਜਿਸ ਨੂੰ ਅਸੀਂ ਹਮੇਸ਼ਾ ਪਾਸ ਕਰਦੇ ਹਾਂ, ਹਾਲਾਤ ਅਜਿਹੇ ਬਣੇ ਕਿ ਇਹ ਪਾਸ ਨਹੀਂ ਹੋ ਸਕਿਆ। ਮੈਂ ਕਾਂਗਰਸ ਵਿਧਾਇਕ ਦਲ ਦਾ ਆਗੂ ਹੋਣ ਦੇ ਨਾਤੇ, ਕਾਰਨ ਕੋਈ ਵੀ ਰਿਹਾ ਹੋਵੇ, ਮਤੇ ਨੂੰ ਪਾਸ ਨਹੀਂ ਕਰਵਾ ਸਕਿਆ।’’ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਉਨ੍ਹਾਂ ਪਾਰਟੀ ਪ੍ਰਧਾਨ ਦੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਧਰ ਪਾਰਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਰਾਜਸਥਾਨ ਦੇ ਕਾਂਗਰਸੀ ਆਗੂਆਂ ਨੂੰ ਪਾਰਟੀ ਦੇ ਅੰਦਰੂਨੀ ਮਾਮਲਿਆਂ ਬਾਰੇ ਜਨਤਕ ਬਿਆਨ ਦੇਣ ਤੋਂ ਵਰਜਦਿਆਂ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਅੱਜ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਨਗੇ। ਸਿੰਘ ਨੇ ਅੱਜ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਤੋਂ ਨਾਮਜ਼ਦਗੀ ਪੱਤਰ ਲਏ ਤੇ ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਕਾਗਜ਼ ਭਰੇ ਜਾਣ ਦੇ ਆਸਾਰ ਹਨ। ਏਆਈਸੀਸੀ ਹੈੱਡਕੁਆਰਟਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ, ‘‘ਮੈਂ ਨਾਮਜ਼ਦਗੀ ਪੱਤਰ ਲੈ ਲਏ ਤੇ ਪੂਰੀ ਸੰਭਾਵਨਾ ਹੈ ਕਿ ਮੈਂ ਭਲਕੇ ਨਾਮਜ਼ਦਗੀ ਦਾਖ਼ਲ ਕਰਾਂਗਾ।’’ ਇਹ ਸਭ ਕੁਝ ਪਾਰਟੀ ਦੇ ਇਸ਼ਾਰੇ ’ਤੇ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਆਪਣੇ ਲਈ ਮੈਂ ਖੁ਼ਦ ਜ਼ਿੰਮੇਵਾਰ ਹਾਂ। ਨਾਮਜ਼ਦਗੀਆਂ ਵਾਪਸ ਲਏ ਜਾਣ ਤੱਕ ਦੀ ਉਡੀਕ ਕਰੋ।’’ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕੀ ਇਹ ਮਹਿਜ਼ ਪੈਂੜਤਾ ਹੈ ਤਾਂ ਸਿੰਘ ਨੇ ਕਿਹਾ, ‘‘ਤੁਸੀਂ ਮੈਨੂੰ ਸੰਜੀਦਗੀ ਨਾਲ ਕਿਉਂ ਨਹੀਂ ਲੈਂਦੇ।’’ -ਪੀਟੀਆਈ
ਰਾਜਸਥਾਨ ਦੇ ਮੁੱਖ ਮੰਤਰੀ ਬਾਰੇ ਫੈਸਲਾ ਇਕ ਦੋ ਦਿਨਾਂ ’ਚ
ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਅੱਜ ਕਿਹਾ ਕਿ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਰਾਜਸਥਾਨ ਦੇ ਮੁੱਖ ਮੰਤਰੀ ਬਾਰੇ ਇਕ ਦੋ ਦਿਨਾਂ ਵਿੱਚ ਫੈਸਲਾ ਲੈਣਗੇ। ਵੇਣੂਗੋਪਾਲ ਨੇ ਇਹ ਦਾਅਵਾ ਅੱਜ ਇਥੇ ਸ੍ਰੀਮਤੀ ਗਾਂਧੀ ਦੀ 10 ਜਨਪਥ ਰਿਹਾਇਸ਼ ਵਿੱਚ ਰਾਜਸਥਾਨ ਸੰਕਟ ਨੂੰ ਸੁਲਝਾਉਣ ਲਈ ਹੋਈਆਂ ਲੜੀਵਾਰ ਮੀਟਿੰਗਾਂ ਮਗਰੋਂ ਕੀਤਾ। ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਬਾਰੇ ਸ਼ੁੱਕਰਵਾਰ ਨੂੰ ਸਾਫ਼ ਹੋ ਜਾਵੇਗਾ। -ਪੀਟੀਆਈ
ਦਿਗਵਿਜੈ ਅਤੇ ਮੇਰਾ ਮੁਕਾਬਲਾ ਦੋਸਤਾਨਾ: ਥਰੂਰ
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਅੱਜ ਸ਼ਸ਼ੀ ਥਰੂਰ ਨਾਲ ਮੁਲਾਕਾਤ ਕੀਤੀ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਜੇਕਰ ਉਨ੍ਹਾਂ ਦੋਵਾਂ ਵਿੱਚ ਮੁਕਾਬਲਾ ਹੁੰਦਾ ਹੈ ਤਾਂ ਇਹ ‘ਦੋ ਰਵਾਇਤੀ ਵਿਰੋਧੀਆਂ ਵਿਚਲੀ ਲੜਾਈ ਨਹੀਂ ਬਲਕਿ ਦੋਸਤਾਨਾ ਮੁਕਾਬਲਾ ਹੋਵੇਗਾ।’ ਥਰੂਰ ਨੇ ਟਵੀਟ ਕਰਕੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ। ਥਰੂਰ ਨੇ ਕਿਹਾ, ‘‘ਅੱਜ ਦੁਪਹਿਰੇ ਦਿਗਵਿਜੈ ਸਿੰਘ ਨਾਲ ਮੁਲਾਕਾਤ ਕੀਤੀ। ਮੈਂ ਸਾਡੀ ਪਾਰਟੀ ਦੇ ਪ੍ਰਧਾਨ ਦੀ ਚੋਣ ਲਈ ਉਨ੍ਹਾਂ ਦੀ ਉਮੀਦਵਾਰੀ ਦਾ ਸਵਾਗਤ ਕਰਦਾ ਹਾਂ। ਅਸੀਂ ਦੋਵੇਂ ਮੰਨਦੇ ਹਾਂ ਕਿ ਇਹ ਦੋ ਰਵਾਇਤੀ ਵਿਰੋਧੀਆਂ ਦੀ ਲੜਾਈ ਨਹੀਂ ਬਲਕਿ ਸਾਥੀਆਂ ਦਰਮਿਆਨ ਹੋਣ ਵਾਲਾ ਦੋਸਤਾਨਾ ਮੁਕਾਬਲਾ ਹੋਵੇਗਾ। ਅਸੀਂ ਦੋਵੇਂ ਚਾਹੁੰਦੇ ਹਾਂ ਕਿ ਜਿੱਤੇ ਜੋ ਕੋਈ ਵੀ, ਪਰ ਜਿੱਤ ਇੰਡੀਅਨ ਨੈਸ਼ਨਲ ਕਾਂਗਰਸ ਦੀ ਹੋਵੇਗੀ।’’ -ਪੀਟੀਆਈ