ਨਵੀਂ ਦਿੱਲੀ, 20 ਸਤੰਬਰ
ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ‘ਵੈਕਸੀਨ ਮੈਤਰੀ’ ਪ੍ਰੋਗਰਾਮ ਅਧੀਨ 2021 ਦੀ ਚੌਥੀ ਤਿਮਾਹੀ ਵਿੱਚ ਕੋਵਿਡ-19 ਦੇ ਵਾਧੂ ਟੀਕਿਆਂ ਦੀ ਬਰਾਮਦ ਮੁੜ ਸ਼ੁਰੂ ਕਰੇਗਾ ਅਤੇ ਕੋਵੈਕਸ ਗਲੋਬਲ ਪੂਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਆਪਣੇ ਨਾਗਰਿਕਾਂ ਦਾ ਟੀਕਾਕਰਨ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਅਕਤੂਬਰ ਵਿੱਚ ਕੋਵਿਡ-19 ਦੇ ਟੀਕਿਆਂ ਦੀਆਂ 30 ਕਰੋੜ ਤੋਂ ਵੱਧ ਖੁਰਾਕਾਂ ਅਤੇ ਅਗਲੇ ਤਿੰਨ ਮਹੀਨਿਆਂ ਵਿੱਚ 100 ਕਰੋੜ ਤੋਂ ਵੱਧ ਖੁਰਾਕਾਂ ਪ੍ਰਾਪਤ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਹੁਣ ਤੱਕ 81 ਕਰੋੜ ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ ਅਤੇ ਸਿਰਫ 11 ਦਿਨਾਂ ਵਿੱਚ 10 ਕਰੋੜ ਖੁਰਾਕਾਂ ਲਾਈਆਂ ਗਈਆਂ ਹਨ। ਨਾਗਰਿਕਾਂ ਦਾ ਟੀਕਾਕਰਨ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
ਮਾਂਡਵੀਆ ਨੇ ਕਿਹਾ ਕਿ ਵੈਕਸੀਨ ਮੈਤਰੀ ਪ੍ਰੋਗਰਾਮ ਦੇ ਅਧੀਨ ਵਾਧੂ ਟੀਕਿਆਂ ਦੀ ਬਰਾਮਦ ਅਗਲੀ ਤਿਮਾਹੀ (ਅਕਤੂਬਰ-ਦਸੰਬਰ) ਵਿੱਚ ਸ਼ੁਰੂ ਹੋਵੇਗੀ ਅਤੇ ਕੋਵੈਕਸ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ। ਇਹ ਸਾਡੇ ‘ਵਾਸੂਦੇਵ ਕੁਟੁੰਬਕਮ’ ਦੇ ਆਦਰਸ਼ ਦੇ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਟੀਕਿਆਂ ਦੀ ਵਾਧੂ ਸਪਲਾਈ ਸਦਕਾ ਕੋਵਿਡ-19 ਖ਼ਿਲਾਫ਼ ਸਮੂਹਿਕ ਜੰਗ ਵਿੱਚ ਦੁਨੀਆ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕੀਤਾ ਜਾਵੇਗਾ।
ਭਾਰਤ ਵਿੱਚ ਕੋਵਿਡ-19 ਵੈਕਸੀਨ ਦੀ ਖੋਜ ਅਤੇ ਉਤਪਾਦਨ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਅਤੇ ਅਗਵਾਈ ਸਦਕਾ ਭਾਰਤ ਇੰਨੇ ਵੱਡੇ ਪੈਮਾਨੇ ’ਤੇ ਕੋਵਿਡ ਦੇ ਟੀਕਿਆਂ ਦੀ ਖੋਜ ਤੇ ਉਤਪਾਦਨ ਕਰ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਦੀ ਟੀਕਾਕਰਨ ਮੁਹਿੰਮ ਦੁਨੀਆ ਲਈ ‘ਰੋਲ ਮਾਡਲ’ ਹੈ ਅਤੇ ਇਹ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਾਂਡਵੀਆ ਨੇ ਇਹ ਵੀ ਕਿਹਾ ਕਿ ਅਕਤੂਬਰ ਵਿੱਚ ਤੀਹ ਕਰੋੜ ਤੋਂ ਵੱਧ ਅਤੇ ਆਉਣ ਵਾਲੀ ਤਿਮਾਹੀ ਵਿੱਚ ਸੌ ਕਰੋੜ ਤੋਂ ਵੱਧ ਖ਼ੁਰਾਕ ਦਾ ਉਤਪਾਦਨ ਕੀਤਾ ਜਾਵੇਗਾ। -ਪੀਟੀਆਈ