ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਥੇ ਬਣੇ ਅਜਾਇਬ ਘਰ ਵਿੱਚ ਪੁਰਾਤਨ ਵਸਤਾਂ ਦਾਨ ਕਰਨ ਲਈ ਆਮ ਲੋਕਾਂ ਨੂੰ ਅਪੀਲ ਕੀਤੀ ਹੈ। ’ਵਰਸਿਟੀ ਨੇ ਜਾਰੀ ਕੀਤੀ ਅਪੀਲ ’ਚ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਕਈ ਪੁਰਾਤਨ ਵਸਤਾਂ ਜਿਨ੍ਹਾਂ ’ਚ ਪਿੱਤਲ ਦੇ ਥਾਲ, ਗੜਵਾ, ਗਾਗਰ, ਜੱਗ, ਛੰਨਾ, ਪਤੀਲੀ ਜਾਂ ਖੇਤੀਬਾੜੀ ਦੇ ਸੰਦ ਅਤੇ ਰਵਾਇਤੀ ਕਲਾਕ੍ਰਿਤੀਆਂ ਆਦਿ ਸ਼ਾਮਲ ਹਨ, ਬਿਨਾਂ ਵਰਤੀਆਂ ਪਈਆਂ ਹਨ। ਜੇਕਰ ਉਹ ਇਨ੍ਹਾਂ ਚੀਜ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਖਣ ਲਈ ਸਾਂਭਣਾ ਚਾਹੁੰਦੇ ਹਨ ਤਾਂ ਉਹ ਇਹ ਵਸਤਾਂ ਪੀਏਯੂ ਦੇ ਪੁਰਾਤਨ ਵਸਤਾਂ ਦੇ ਅਜਾਇਬ ਘਰ ਲਈ ਦਾਨ ਕਰ ਸਕਦੇ ਹਨ।
ਪਿਛੋਕੜ ਨੂੰ ਸਾਂਭਣ ਦੀ ਸੋਚ ਦੇ ਧਾਰਨੀ ਵਿਅਕਤੀਆਂ ਦੇ ਇਸ ਉਪਰਾਲੇ ਲਈ ’ਵਰਸਿਟੀ ਧੰਨਵਾਦੀ ਹੋਵੇਗੀ। ਯੂਨੀਵਰਸਿਟੀ ਵੱਲੋਂ ਇਸ ਕਾਰਜ ਵਿੱਚ ਹਿੱਸਾ ਪਾਉਣ ਲਈ ਸੰਪਰਕ ਨੰਬਰ 9814447549, 8872010019, 9915334701 ਜਾਰੀ ਕੀਤੇ ਗਏ ਹਨ। ਇੱਥੇ ਦੱਸਣਯੋਗ ਹੈ ਕਿ ਇੱਥੇ ਬਣੇ ਪੇਂਡੂ ਸਭਿਅਤਾ ਦੇ ਅਜਾਇਬ ਘਰ ਵਿੱਚ ਪੁਰਾਤਨ ਸਮੇਂ ਦੇ ਪੇਂਡੂ ਜੀਵਨ ਨੂੰ ਦਰਸਾਉਣ ਵਾਲੀਆਂ ਵੱਖ ਵੱਖ ਤਰ੍ਹਾਂ ਦੀਆਂ ਘਰੇਲੂ ਅਤੇ ਖੇਤੀ ਸਬੰਧਤ ਵਸਤੂਆਂ ਪ੍ਰਦਰਸ਼ਿਤ ਹਨ। ਇਹ ਵਸਤੂਆਂ ਅੱਜ-ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਪੁਰਾਣੇ ਸਮੇਂ ਵਿੱਚ ਲੋਕਾਂ ਦੀ ਰਹਿਣੀ ਸਹਿਣੀ ਬਾਰੇ ਦੱਸਦੀਆਂ ਹਨ। ਇਹ ਵਸਤੂਆਂ ਪੰਜਾਬ ਦੇ ਪਿੰਡਾਂ ਵਿੱਚੋਂ ਲੋਕਾਂ ਨੇ ਪੀਏਯੂ ਦੇ ਇਸ ਮਹਾਨ ਅਜਾਇਬ ਘਰ ਦੇ ਨਿਰਮਾਣ ਲਈ ਦਾਨ ਕੀਤੀਆਂ ਸਨ।