ਪੱਤਰ ਪ੍ਰੇਰਕ
ਪਟਿਆਲਾ, 29 ਸਤੰਬਰ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਮੰਗ ਕੀਤੀ ਹੈ ਕਿ ਅਤਿਵਾਦ ਦੌਰਾਨ ਮਾਰੇ ਗਏ 35000 ਹਿੰਦੂਆਂ ਲਈ 781 ਕਰੋੜ ਦਾ ਪੈਕੇਜ ਦਿੱਤਾ ਜਾਵੇ ਕਿਉਂਕਿ ਇਸ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਗਿਆ ਹੈ। ਸ਼ਿਵ ਸੈਨਾ ਹਿੰਦੁਸਤਾਨ ਦੇ ਲੰਮੇ ਸੰਘਰਸ਼ ਤੋਂ ਬਾਅਦ 31 ਮਈ, 2006 ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਨੇ 1984 ਦੇ ਪੀੜਤਾਂ ਵਾਂਗ ਪੰਜਾਬ ਦੇ ਹਿੰਦੂਆਂ ਨੂੰ ਰਾਹਤ ਪੈਕੇਜ ਦੇਣ ਲਈ 781 ਕਰੋੜ ਰੁਪਏ ਦਾ ਪੈਕੇਜ ਪਾਸ ਕੀਤਾ। ਇਹ ਰਕਮ ਉਸ ਸਮੇਂ ਦੀ ਕੇਂਦਰ ਸਰਕਾਰ ਤੋਂ ਮੰਗੀ ਗਈ ਸੀ। ਉਸ ਸਮੇਂ ਦੀਆਂ ਕਾਂਗਰਸ ਦੀਆਂ ਕੇਂਦਰ ਸਰਕਾਰਾਂ ਨੇ ਪੰਜਾਬ ਦੇ ਘੱਟ ਗਿਣਤੀ ਅਤਿਵਾਦ ਪੀੜਤਾਂ ਨਾਲ ਵਿਤਕਰਾ ਕਰਦਿਆਂ ਪੰਜਾਬ ਸਰਕਾਰ ਨੂੰ ਇਹ ਪੈਕੇਜ ਰਾਸ਼ੀ ਨਹੀਂ ਦਿੱਤੀ ਸੀ ਪਰ ਅੱਜ ਕੇਂਦਰ ਵਿੱਚ ਹਿੰਦੂ ਪੱਖੀ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਇਹ ਮੁਆਵਜ਼ਾ ਘੱਟ ਗਿਣਤੀ ਹਿੰਦੂ ਅਤਿਵਾਦ ਪੀੜਤਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਪੰਜਾਬ ਦੇ 781 ਕਰੋੜ ਰੁਪਏ ਦੇ ਪੈਕੇਜ ਦੀ ਰਾਸ਼ੀ ਦਾ ਭੁਗਤਾਨ ਨਾ ਕਰਨਾ ਸਮਝ ਤੋਂ ਬਾਹਰ ਹੈ।