ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਮਈ
ਦੁੱਗਰੀ ਇਲਾਕੇ ’ਚ ਦੇਰ ਰਾਤ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਤੋਂ ਬਾਅਦ ਝਗੜਾ ਹੋ ਗਿਆ। ਇਸ ਦੌਰਾਨ ਕੁੱਟਮਾਰ ਦੌਰਾਨ ਗੋਲੀਆਂ ਚੱਲ ਗਈਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦਿਆਂ ਹੀ ਦੁੱਗਰੀ ਦੀ ਪੁਲੀਸ ਤੇ ਉਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਇਸ ਮਾਮਲੇ ’ਚ ਫਾਈਰਿੰਗ ਹੋਣ ਦੀ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ।
ਜਾਣਕਾਰੀ ਅਨੁਸਾਰ ਐਤਵਾਰ ਦੇਰ ਰਾਤ ਕ੍ਰਿਪਾਲ ਸਿੰਘ ਦਾ ਮੋਟਰਸਾਈਕਲ ਕਿਸੇ ਸਕੋਡਾ ਕਾਰ ਨਾਲ ਟਕਰਾ ਗਿਆ। ਉਸ ਸਕੋਡਾ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨਾਲ ਬਹਿਸ ਕੀਤੀ ਤੇ ਵਿਵਾਦ ਵਧ ਗਿਆ। ਸਕੋਡਾ ਕਾਰ ਚਾਲਕ ਨੇ ਕੁਝ ਹੀ ਸਮੇਂ ’ਚ ਆਪਣੇ ਲਗਭਗ 14-15 ਸਾਥੀਆਂ ਨੂੰ ਮੌਕੇ ’ਤੇ ਬੁਲਾ ਲਿਆ ਅਤੇ ਹੁੱਲੜਬਾਜ਼ੀ ਕੀਤੀ। ਇਲਾਕੇ ਦੇ ਲੋਕਾਂ ਅਨੁਸਾਰ ਇੱਕ ਵਰਨਾ ਕਾਰ, ਦੋ ਐਕਟਿਵਾ ਤੇ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨ ਹਥਿਆਰ ਲੈ ਕੇ ਆਏ ਸਨ। ਉਨ੍ਹਾਂ ਲੋਕਾਂ ਦੇ ਘਰਾਂ ’ਤੇ ਇੱਟਾਂ ਪੱਥਰ ਵੀ ਮਾਰੇ। ਉਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਫਾਈਰਿੰਗ ਕੀਤੀ ਜਿਸ ਤੋਂ ਬਾਅਦ ਨੌਜਵਾਨਾਂ ਨੇ ਗਲੀ ’ਚ ਖੜ੍ਹੀ ਇੰਡੀਗੋ, ਅਮੇਜ, ਇਨੋਵਾ, ਆਈ-20, ਆਲਟੋ, ਐਸ-ਪ੍ਰੈਸੋ ਸਮੇਤ ਲਗਭਗ 8 ਕਾਰਾਂ ਦੀ ਭੰਨ-ਤੋੜ ਕੀਤੀ। ਇਸ ਘਟਨਾ ਦੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸੀਸੀਟੀਵੀ ਫੁਟੇਜ ਹਾਸਲ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਦੁੱਗਰੀ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਸਕੋਡਾ ਕਾਰ ਦੇ ਨਾਲ ਮੋਟਰਸਾਈਕਲ ਸਵਾਰ ਦੀ ਟੱਕਰ ਹੋਣ ਤੋਂ ਬਾਅਦ ਵਿਵਾਦ ਵਧ ਗਿਆ। ਸਕੋਡਾ ਕਾਰ ਚਾਲਕ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਲਾਕੇ ’ਚ ਕਾਰਾਂ ਦੀ ਭੰਨ-ਤੋੜ ਕੀਤੀ। ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਤਿੰਨੋਂ ਮੁਲਜ਼ਮਾਂ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।