ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਅਪਰੈਲ
ਸਥਾਨਕ ਦਾਣਾ ਮੰਡੀ ਦੇ ਨਾਲ ਹੀ ਆੜ੍ਹਤੀ ਵੱਲੋਂ ਬਣਾਏ ਫੜ ’ਚ ਹੀ ਅੱਜ ਤੜਕੇ ਹੀ ਲੁਟੇਰਿਆਂ ਨੇ ਧਾਵਾ ਬੋਲਿਆ, ਜਿੱਥੇ ਉਨ੍ਹਾਂ ਫ਼ਸਲ ਦੀ ਰਾਖੀ ਬੈਠੇ ਤੋਲੇ ਨੂੰ ਬੰਧਕ ਬਣਾ ਕੇ ਕਈ ਬੋਰੀਆਂ ਕਣਕ ਚੋਰੀ ਕਰਕੇ ਲੈ ਗਏ।
ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀ ਆਨੰਦ ਟ੍ਰੇਡਰਜ਼ ਦੀ ਦੁਕਾਨ ’ਤੇ ਤੋਲੇ ਦਾ ਕੰਮ ਕਰਦੇ ਵਿਜੈ ਕੁਮਾਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਅੱਜ ਤੜਕੇ 2 ਵਜੇ ਮੰਡੀ ਦੇ ਫੜ ਵਿੱਚ ਕਣਕ ਦੀ ਬੋਰੀਆਂ ਦੀ ਰਖਵਾਲੀ ਵਾਸਤੇ ਬੈਠਾ ਸੀ ਕਿ 2 ਅਣਪਛਾਤੇ ਵਿਅਕਤੀ ਆਏ ਉਨ੍ਹਾਂ ਨੇ ਉਸਨੂੰ ਦਰੱਖ਼ਤ ਨਾਲ ਬੰਨ੍ਹ ਦਿੱਤਾ। ਕੁਝ ਸਮੇਂ ਬਾਅਦ ਇੱਕ ਕੈਂਟਰ ਨੰ. ਪੀ.ਬੀ.65ਵੀ-3211 ਨੂੰ ਇੱਕ ਵਿਅਕਤੀ ਲੈ ਕੇ ਆਇਆ ਜਿਸ ਨਾਲ 3 ਵਿਅਕਤੀ ਹੋਰ ਆ ਗਏ। ਇਨ੍ਹਾਂ ਸਾਰੇ 6 ਵਿਅਕਤੀਆਂ ਨੇ ਫੜ ’ਚ ਪਈਆਂ ਕਣਕ ਦੀਆਂ ਬੋਰੀਆਂ ਲੱਦਣੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਪਾਉਣ ’ਤੇ ਨਾਲ ਦੀ ਆੜ੍ਹਤ ਦੀ ਦੁਕਾਨ ’ਚ ਸੁੱਤਾ ਮਜ਼ਦੂਰ ਪ੍ਰਵੀਨ ਕੁਮਾਰ ਬਾਹਰ ਨਿਕਲਿਆ, ਜਿਸ ਨੇ ਬੋਰੀਆਂ ਲੱਦ ਰਹੇ ਵਿਅਕਤੀਆਂ ਨੂੰ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਂ ਨਿਰਮਲ ਸਿੰਘ ਵਾਸੀ ਤਲਵੰਡੀ ਸੱਲਾ, ਜਗਤਾਰ ਸਿੰਘ ਵਾਸੀ ਟਾਂਡਾ, ਤੀਸਰੇ ਨੇ ਆਪਣਾ ਨਾਂ ਸੁਰਜੀਤ ਸਿੰਘ ਵਾਸੀ ਬਰੋਹਆਲ ਦੱਸਿਆ ਜਦ ਕਿ ਬਾਕੀ ਤਿੰਨ ਵਿਅਕਤੀਆਂ ਨੇ ਆਪਣਾ ਨਾਂ ਨਾ ਦੱਸਿਆ ਜਿਨ੍ਹਾਂ ਨੂੰ ਸਾਹਮਣੇ ਆਉਣ ’ਤੇ ਪਛਾਣ ਸਕਦਾ ਹੈ। ਤੋਲੇ ਵਿਜੈ ਕੁਮਾਰ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਨੇ ਉਸ ਨੂੰ ਦਰੱਖਤ ਨਾਲੋਂ ਖੋਲ੍ਹਿਆ ਅਤੇ ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਇਹ ਸਾਰੇ ਵਿਅਕਤੀ ਲੱਦੀ ਕਣਕ ਦਾ ਕੈਂਟਰ ਭਜਾ ਕੇ ਲੈ ਗਏ। ਆਪਣੇ ਨਾਲ ਹੋਈ ਘਟਨਾ ਬਾਰੇ ਉਨ੍ਹਾਂ ਸਾਰੀ ਜਾਣਕਾਰੀ ਤੁਰੰਤ ਆਪਣੇ ਮਾਲਕ ਆੜ੍ਹਤੀ ਸ਼ਕਤੀ ਆਨੰਦ ਨੂੰ ਦਿੱਤੀ ਅਤੇ ਚੋਰਾਂ ਦੀ ਤਲਾਸ਼ ਵੀ ਕੀਤੀ ਗਈ। ਪੁਲੀਸ ਵਲੋਂ ਆੜ੍ਹਤੀ ਦੇ ਤੋਲੇ ਵਿਜੈ ਕੁਮਾਰ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਨਿਰਮਲ ਸਿੰਘ ਵਾਸੀ ਤਲਵੰਡੀ ਸੱਲਾ, ਜਗਤਾਰ ਸਿੰਘ ਵਾਸੀ ਟਾਂਡਾ, ਤੀਸਰੇ ਨੇ ਆਪਣਾ ਨਾਂ ਸੁਰਜੀਤ ਸਿੰਘ ਵਾਸੀ ਬਰੋਹਆਲ ਸਮੇਤ 3 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਜਲਦ ਹੀ ਮੰਡੀ ’ਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਆਟੋ ’ਚ ਬੈਠੇ ਦੁਕਾਨਦਾਰ ਦੀ ਕੁੱਟਮਾਰ ਕਰ ਕੇ ਨਗਦੀ ਖੋਹੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ ): ਥਾਣਾ ਸਲੇਮ ਟਾਬਰੀ ਦੀ ਪੁਲੀਸ ਵੱਲੋਂ ਚਾਰ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕਰ ਕੇ ਲੱਖਾਂ ਰੁਪਏ ਲੁੱਟੇ ਗਏ ਹਨ। ਇਸ ਬਾਰੇ ਭੱਠਾ ਭਗਤ ਸਿੰਘ ਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਦੀਪਕ ਕੁਮਾਰ ਆਟੋ ਰਿਕਸ਼ਾ ਚਾਲਕ ਨਾਲ ਹਾਰਡਵੇਅਰ ਦੇ ਸਾਮਾਨ ਦੀ ਡਿਲੀਵਰੀ ਕਰਨ ਲਈ ਪੰਜਾਬ ਹਾਰਡਵੇਅਰ ਨੇੜੇ ਬੱਸ ਸਟੈਂਡ ਗੜ੍ਹਸ਼ੰਕਰ ਗਿਆ ਸੀ। ਉਸਨੇ ਦੁਕਾਨ ਮਾਲਕ ਨੂੰ ਸਾਮਾਨ ਦੇ ਕੇ ਉਸਤੋਂ 1 ਲੱਖ 90 ਹਜ਼ਾਰ ਰੁਪਏ ਲਏ ਸਨ ਅਤੇ ਵਾਪਸ ਆਟੋ ਰਿਕਸ਼ਾ ’ਤੇ ਆ ਰਿਹਾ ਸੀ। ਜਦੋਂ ਉਹ ਫਿਲੌਰ ਨੇੜੇ ਪੁੱਜੇ ਤਾਂ ਆਟੋ ਰਿਕਸ਼ਾ ਚਾਲਕ ਦੀਪਕ ਕੁਮਾਰ ਨੇ ਆਪਣੇ ਮੋਬਾਈਲ ਫੋਨ ’ਤੇ ਕਿਸੇ ਵਿਅਕਤੀ ਨਾਲ ਗੱਲਬਾਤ ਕੀਤੀ। ਸ਼ੱਕ ਪੈਣ ’ਤੇ ਜਦੋਂ ਉਸ ਨੇ ਪੁੱਛਗਿੱਛ ਕੀਤੀ ਤਾਂ ਉਸ ਟਾਲ ਮਟੋਲ ਕਰਦਿਆਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਹ ਹਾਰਡੀ ਵਰਲਡ ਨੇੜੇ ਪੁੱਜੇ ਤਾਂ ਆਟੋ ਰਿਕਸ਼ਾ ਚਾਲਕ ਨੇ ਆਟੋ ਰਿਕਸ਼ਾ ਮੇਨ ਸੜਕ ’ਤੇ ਲਿਜਾਉਣ ਦੀ ਥਾਂ ਸਰਵਿਸ ਲੇਨ ’ਤੇ ਪਾ ਦਿੱਤੀ ਅਤੇ ਆਟੋਰਿਕਸ਼ਾ ਹੌਲੀ ਕਰ ਲਿਆ। ਸੜਕ ’ਤੇ ਐਕਟਿਵਾ ਸਕੂਟਰ ’ਤੇ ਤਿੰਨ ਜਣੇ ਖੜ੍ਹੇ ਸਨ ਜੋ ਇਕ ਦਮ ਆਟੋ ਰਿਕਸ਼ਾ ਵਿੱਚ ਚੜ੍ਹ ਗਏ ਅਤੇ ਉਸ ਨਾਲ ਕੁੱਟਮਾਰ ਕਰਦਿਆਂ ਉਸ ਕੋਲੋਂ 1 ਲੱਖ 93 ਹਜ਼ਾਰ 500 ਰੁਪਏ ਖੋਹ ਲਏ ਅਤੇ ਫ਼ਰਾਰ ਹੋ ਗਏ। ਇਸ ਦੌਰਾਨ ਦੀਪਕ ਕੁਮਾਰ ਵੀ ਭੱਜ ਗਿਆ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।