ਮੁੰਬਈ, 10 ਫਰਵਰੀ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਦਾਅਵੇ ’ਤੇ ਇਤਰਾਜ਼ ਜ਼ਾਹਿਰ ਕੀਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਵਿਨਾਇਕ ਦਾਮੋਦਰ ਸਾਵਰਕਰ ਬਾਰੇ ਇੱਕ ਕਵਿਤਾ ਪੇਸ਼ ਕਰਨ ਕਾਰਨ ਸੰਗੀਤਕਾਰ ਹਿਰਦੇਨਾਥ ਮੰਗੇਸ਼ਕਰ ਨੂੰ ਆਕਾਸ਼ਵਾਣੀ (ਏਆਈਆਰ) ਬਰਖਾਸਤ ਕਰ ਦਿੱਤਾ ਗਿਆ ਸੀ।
ਇੱਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਪ੍ਰਧਾਨ ਮੰਤਰੀ ਨੇ ਗੋਆ ’ਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਟਿੱਪਣੀ ਕੀਤੀ ਸੀ, ਬਾਰੇ ਰਾਊਤ ਨੇ ਕਿਹਾ ਇਹ ਸੰਭਵ ਹੈ ਕਿਉਂਕਿ ਮੰਗੇਸ਼ਕਰ ਪਰਿਵਾਰ ਦੀਆਂ ਜੜ੍ਹਾਂ ਸਾਹਿਲੀ ਰਾਜ ਨਾਲ ਜੁੜੀਆਂ ਹੋਈਆਂ ਹਨ। ਰਾਊਤ ਨੇ ਤਨਜ਼ ਕਸਦਿਆਂ ਕਿਹਾ, ‘ਇਹ ਸੰਭਵ ਹੈ। ਉਹ ਇੱਕ ਮਹਾਨ ਪ੍ਰਧਾਨ ਮੰਤਰੀ ਹਨ। ਮੈਨੂੰ ਲੱਗਦਾ ਹੈ ਕਿ ਨਾ ਤਾਂ ਉਨ੍ਹਾਂ ਤੋਂ ਪਹਿਲਾਂ ਕੋਈ ਪ੍ਰਧਾਨ ਮੰਤਰੀ ਬਣਿਆ ਹੈ ਅਤੇ ਨਾ ਹੀ ਉਨ੍ਹਾਂ ਤੋਂ ਬਾਅਦ ਕੋਈ ਬਣੇਗਾ।’ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਆਗੂ ਨੇ ਕਿਹਾ, ‘ਮੈਂ ਉਨ੍ਹਾਂ (ਮੋਦੀ) ਦੀ ਬਹੁਤ ਇੱਜ਼ਤ ਕਰਦਾ ਹਾਂ। ਉਹ ਇੱਕ ਵੱਡੇ ਨੇਤਾ ਹਨ। ਮੈਂ ਉਨ੍ਹਾਂ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਰਾਜਨੀਤੀ ’ਚ ਅਜਿਹਾ ਕੁਝ ਹੁੰਦਾ ਹੈ। ਲੋਕ ਕੁਝ ਵੀ ਕਹਿ ਦਿੰਦੇ ਹਨ। ਸਾਨੂੰ ਸਮਝਣਾ ਚਾਹੀਦਾ ਹੈ।’ -ਪੀਟੀਆਈ