ਰਾਕੇਸ਼ ਸੈਣੀ
ਨੰਗਲ, 18 ਸਤੰਬਰ
ਇੰਡੀਅਨ ਸਵੱਛਤਾ ਲੀਗ ਮੁਹਿਮ ਤਹਿਤ ਨਗਰ ਕੌਂਸਲ ਨੰਗਲ ਵੱਲੋਂ ਅੱਜ ਇਕ ਵਿਸ਼ਾਲ ਜਾਗਰੂਕਤਾ ਰੈਲੀ ਕੱਢਕੇ ਸੇਵਾ ਦਿਵਸ ਮਨਾਇਆ ਗਿਆ। ਰਾਜੀਵ ਗਾਂਧੀ ਚੌਕ ਨੰਗਲ ਤੋਂ ਸ਼ੁਰੂ ਹੋਈ ਇਸ ਵਿਸ਼ਾਲ ਜਾਗਰੂਕਤਾ ਰੈਲੀ ਨੂੰ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਅਤੇ ਕਾਰਜ ਸਾਧਕ ਅਧਿਕਾਰੀ ਭੁਪਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਰਵਾਨਾ ਕੀਤਾ ਗਿਆ। ਇਸ ਰੈਲੀ ਵਿੱਚ ਨਗਰ ਕੌਂਸਲ ਨੰਗਲ ਵੱਲੋਂ ਸੰਚਾਲਿਤ ਸ਼ਿਵਾਲਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਿਵਾਲਿਕ ਕਾਲਜ ਨਵਾਂ ਨੰਗਲ, ਸ਼ਿਵਾਲਿਕ ਫਾਰਮੇਸੀ ਕਾਲਜ ਨਵਾਂ ਨੰਗਲ, ਆਈਟੀਆਈ ਨੰਗਲ, ਨਗਰ ਕੌਂਸਲ ਨੰਗਲ ਦੇ ਸਮੂਹ ਮੁਲਾਜ਼ਮਾਂ ਤੋਂ ਇਲਾਵਾ ਇਲਾਕੇ ਦੇ ਹੋਰ ਵੱਖ-ਵੱਖ ਸਕੂਲਾਂ ਦੇ ਵਿਦਿਆਂਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸੈਨੇਟਰੀ ਇੰਸਪੈਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਸ ਰੈਲੀ ਦਾ ਮਕਦਸ ਲੋਕਾਂ ਨੂੰ ਸਾਫ-ਸਫਾਈ ਪ੍ਰਤੀ ਪ੍ਰੇਰਿਤ ਕਰਨ ਅਤੇ ਪਲਾਸਟਿਕ ਦੇ ਸਾਮਾਨ ਅਤੇ ਲਿਫਾਫਿਆਂ ਨਾਲ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਸਬੰਧੀ ਵੀ ਜਾਗਰੂਕ ਕਰਨਾ ਹੈ।
ਪਲਾਸਟਿਕ ਦੀ ਵਰਤੋਂ ਬੰਦ ਕਰਨ ਤੇ ਕੂੜਾ ਇਧਰ-ਉਧਰ ਸੁੱਟਣ ਤੋਂ ਵਰਜਿਆ
ਕੁਰਾਲੀ (ਪੱਤਰ ਪ੍ਰੇਰਕ): ਸਥਾਨਕ ਨਗਰ ਕੌਂਸਲ ਵਲੋਂ ‘ਇੰਡੀਆ ਸਵੱਛਤਾ ਲੀਗ’ ਦੇ ਸਬੰਧ ਵਿੱਚ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਦੌਰਾਨ ਕੌਂਸਲ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਪਾਬੰਦੀਸ਼ੁਦਾ ਵਸਤੂਆਂ ਦੀ ਵਰਤੋਂ ਬੰਦ ਕਰਨ ਅਤੇ ਕੂੜਾ ਇਧਰ-ਉਧਰ ਸੁੱਟਣ ਦੀ ਬਜਾਏ ਕੌਂਸਲ ਦੀ ਕੂੜਾ ਚੁੱਕਣ ਵਾਲੀ ਟੀਮ ਨੂੰ ਦੇਣ ਲਈ ਪ੍ਰੇਰਿਤ ਕੀਤਾ। ਇਹ ਜਾਗਰੂਕਤਾ ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੀ ਹੁੰਦੀ ਹੋਈ ਕੌਂਸਲ ਦਫਤਰ ਵਿੱਚ ਸਮਾਪਤ ਹੋਈ।