ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਕੋਵਿਡ- 19 ਮਹਾਮਾਰੀ ਦੇ ਮੱਦੇਨਜ਼ਰ ਕੁਝ ਸਮੇਂ ਲਈ ਰੋਕੀ ਗਈ ਐੱਮਪੀ ਲੈਡ ਸਕੀਮ ਬਹਾਲ ਕਰਨ ਅਤੇ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਦੀ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਸਕੀਮ 2021-22 ਦੇ ਬਾਕੀ ਰਹਿੰਦੇ ਵਿੱਤੀ ਵਰ੍ਹੇ ਲਈ ਬਹਾਲ ਕੀਤੀ ਗਈ ਹੈ। ਇਹ ਸਕੀਮ ਸਾਲ 2025-26 ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 2021-22 ਦੇ ਬਾਕੀ ਰਹਿੰਦੇ ਸਮੇਂ ਲਈ ਪ੍ਰਤੀ ਐੱਮ 2 ਕਰੋੜ ਰੁਪਏ ਇੱਕ ਕਿਸ਼ਤ ’ਚ ਜਾਰੀ ਕੀਤੇ ਜਾਣਗੇ। ਸਾਲ 2022-23 ਤੋਂ 2025-26 ਤੱਕ ਇਸ ਸਕੀਮ ਤਹਿਤ ਪ੍ਰਤੀ ਐੱਮਪੀ 5 ਕਰੋੜ ਰੁਪਏ ਜਾਰੀ ਕੀਤੇ ਜਾਣਗੇ ਅਤੇ ਇਹ 2.5 ਕਰੋੜ ਦੀਆਂ ਦੋ ਕਿਸ਼ਤਾਂ ਰਾਹੀਂ ਦਿੱਤੇ ਜਾਣਗੇ। ਕੇਂਦਰੀ ਕੈਬਨਿਟ ਨੇ ਕਬਾਇਲੀ ਆਗੂ ਅਤੇ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਜਨਮ ਦਿਹਾੜੇ 15 ਨਵੰਬਰ ਨੂੰ ‘ਜਨਜਾਤੀ ਗੌਰਵ ਦਿਵਸ’ ਮਨਾਉਣ ਅਤੇ ਭਾਰਤ ਦੇ ਇਤਿਹਾਸ ਅਤੇ ਸੱਭਿਆਚਾਰ ਵਿੱਚ ਅਨੁਸੂਚਿਤ ਜਨਜਾਤੀਆਂ ਵੱਲੋਂ ਪਾਏ ਗਏ ਯੋਗਦਾਨ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ
ਕਪਾਹ ਦੀ ਖ਼ਰੀਦ ਲਈ 17,409 ਕਰੋੜ ਰੁਪਏ ਮਨਜ਼ੂਰ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਸਾਲ 2014-15 ਤੋਂ 2020-21 ਤੱਕ ਕਪਾਹ ਦੇ ਸੱਤ ਸਾਲਾਂ ਦੇ ਬਕਾਇਆਂ ਦੀ ਪੂਰਤੀ ਲਈ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀਸੀਆਈ) ਨੂੰ 17,408.85 ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਸੀਸੀਈਏ ਨੇ ਸਾਲ 2014-15 ਤੋਂ 2020-21 ਤੱਕ ਦੇ ਕਾਟਨ ਸੀਜ਼ਨ (ਅਕਤੂਬਰ-ਸਤੰਬਰ) ਦੌਰਾਨ ਐੱਮਐੱਸਪੀ ਅਪਰੇਸ਼ਨਾਂ ਤਹਿਤ ਘਾਟੇ ਪੂਰੇ ਕਰਨ ਲਈ ਖ਼ਰਚੇ ਨੂੰ ਮਨਜ਼ੂਰੀ ਦਿੱਤੀ ਹੈ। -ਪੀਟੀਆਈ