ਰੂੜੇਕੇ ਕਲਾਂ: ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਰੌਲੇ-ਰੱਪੇ ਦੌਰਾਨ ਪਹਿਲੀ ਫਰਵਰੀ ਤੋਂ ਆਰੰਭੀ ਗਈ ਪੰਦਰਾਂ ਦਿਨਾ ‘ਰਾਜ ਬਦਲੋ ਸਮਾਜ ਬਦਲੋ’,‘ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ’ ਮੁਹਿੰਮ ਤਹਿਤ ਧੌਲਾ ਅਤੇ ਪੱਖੋ ਕਲਾਂ ਵਿੱਚ ਜ਼ਿਲ੍ਹਾ ਬਰਨਾਲਾ ਦੀ ਆਗੂ ਟੀਮ ਵੱਲੋਂ ਪਰਚੇ ਵੰਡੇ ਗਏ। ਇਸ ਦੌਰਾਨ ਡਾ. ਰਾਜਿੰਦਰ ਪਾਲ ਤੇ ਜਸਪਾਲ ਚੀਮਾ ਨੇ ਘਰ-ਘਰ ਪਰਚੇ ਵੰਡਣ ਦੀ ਮੁਹਿੰਮ ਦੌਰਾਨ ਲੋਕਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਆਗੂਆਂ ਨੇ ਕਿਹਾ ਕਿ ਪਾਰਲੀਮਾਨੀ/ਵਿਧਾਨ ਸਭਾ ਚੋਣਾਂ ਦੇ ਬੀਤੇ 75 ਸਾਲ ਦੇ ਇਤਿਹਾਸ ਵਿਚ ਹਰ ਰੰਗ ਦੀ ਪਾਰਲੀਮਾਨੀ ਪਾਰਟੀ ਵੱਲੋਂ ਵਾਰ-ਵਾਰ ਚੋਣਾਂ ਦੌਰਾਨ ਲੋਕਾਂ ਨੂੰ ਝੂਠੇ ਸਬਜ਼ਬਾਗ਼ ਦਿਖਾਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਪੁੱਗਤ ਵਾਲਾ ਨਵਾਂ ਜਮਹੂਰੀ ਰਾਜ ਸਿਰਜਣ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਜਮਾਤੀ ਜੱਦੋ-ਜਹਿਦ ਦੇ ਰਾਹ ਪੈਣਾ ਪਵੇਗਾ। -ਪੱਤਰ ਪ੍ਰੇਰਕ