ਪ੍ਰਿੰ. ਸਰਵਣ ਸਿੰਘ
ਓਲੰਪੀਅਨ ਬਲਬੀਰ ਸਿੰਘ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੀਤਾ ਸੀ ਕਿ ਸੰਸਾਰ ਦੇ ਸਰਬੋਤਮ ਹਾਕੀ ਖਿਡਾਰੀ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਇਆ ਜਾਵੇਗਾ ਪਰ ਇਸ ਖਿਡਾਰੀ ਦਾ ਚਿੱਤਰ ਅਜੇ ਤਕ ਨਹੀਂ ਲਾਇਆ ਗਿਆ। ਉਹਦੀ ਤਸਵੀਰ ਕੈਨੇਡਾ ਦੇ ਸਭ ਤੋਂ ਵੱਡੇ ਗੁਰਦੁਆਰੇ ਵਿਚ ਜ਼ਰੂਰ ਲੱਗੀ ਹੋਈ ਹੈ। ਉਸ ਨੂੰ ਓਲੰਪਿਕ ਖੇਡਾਂ ਵਿਚੋਂ ਤਿੰਨ ਗੋਲਡ ਮੈਡਲ ਜਿੱਤਣ ਕਰਕੇ ‘ਗੋਲਡਨ ਹੈਟ ਟ੍ਰਿੱਕ’ ਵਾਲਾ ਬਲਬੀਰ ਵੀ ਕਿਹਾ ਜਾਂਦਾ ਸੀ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਤੇ ਫਾਈਨਲ ਮੈਚਾਂ ਵਿਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਉਹਦੀ ਸਟਿੱਕ ਨਾਲ ਹੋਏ ਸਨ। ਨੀਦਰਲੈਂਡ ਵਿਰੁੱਧ ਫਾਈਨਲ ਮੈਚ ਵਿਚ ਉਸ ਨੇ 5 ਗੋਲ ਕੀਤੇ ਸਨ ਜੋ ਓਲੰਪਿਕ ਖੇਡਾਂ ਦਾ ਸੱਤਰ ਸਾਲ ਪੁਰਾਣਾ ਰਿਕਾਰਡ ਹੈ। ਓਲੰਪਿਕ ਖੇਡਾਂ ਦੇ ਗੋਲਡਨ ਹੈਟ ਟ੍ਰਿਕ ਤੋਂ ਬਿਨਾਂ ਉਸ ਨੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਸੰਸਾਰ ਹਾਕੀ ਕੱਪ ਜਿਤਾਇਆ ਜੋ ਹੁਣ ਤੱਕ ਭਾਰਤ ਇਕੋ ਵਾਰ ਜਿੱਤ ਸਕਿਆ। ਉਸ ਨੇ ਛੇ ਹੋਰ ਮੈਡਲ ਭਾਰਤੀ ਟੀਮਾਂ ਨੂੰ ਜਿਤਾਏ ਤੇ ਹਾਕੀ ਦੀ ਕੋਚਿੰਗ ਬਾਰੇ ‘ਦਿ ਗੋਲਡਨ ਯਾਰਡ ਸਟਿੱਕ’ ਪੁਸਤਕ ਲਿਖੀ। 1962 ਵਿਚ ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਰਿਲੀਫ਼ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਸਾਰੀਆਂ ਖੇਡ ਨਿਸ਼ਾਨੀਆਂ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਸਪੁਰਦ ਕਰ ਦਿੱਤੀਆਂ ਜੋ ਸਾਈ ਨੇ ਪਤਾ ਨਹੀਂ ਕਿਥੇ ‘ਗੁਆ’ ਛੱਡੀਆਂ।
1957 ਵਿਚ ਭਾਰਤੀ ਖਿਡਾਰੀਆਂ ਵਿਚੋਂ ਸਭ ਤੋਂ ਪਹਿਲਾਂ ਬਲਬੀਰ ਸਿੰਘ ਨੂੰ ਪਦਮਸ੍ਰੀ ਦੀ ਉਪਾਧੀ ਦਿੱਤੀ ਗਈ ਸੀ। ਕੈਸੀ ਵਿਡੰਬਨਾ ਹੈ ਕਿ ਉਸ ਤੋਂ ਮਗਰੋਂ ਜੰਮੇ ਤੇ ਉਸ ਤੋਂ ਘੱਟ ਖੇਡ ਪ੍ਰਾਪਤੀਆਂ ਵਾਲੇ ਕੁਝ ਖਿਡਾਰੀਆਂ ਨੂੰ ਤਾਂ ਪਦਮ ਭੂਸ਼ਨ ਤੇ ਭਾਰਤ ਰਤਨ ਤਕ ਦੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਪਰ ਬਲਬੀਰ ਸਿੰਘ ਨੂੰ ਪਦਮਸ੍ਰੀ ਤਕ ਹੀ ਸੀਮਤ ਰੱਖਿਆ ਗਿਆ। ਲੰਡਨ ਓਲੰਪਿਕ-2012 ਮੌਕੇ ਓਲੰਪਿਕ ਖੇਡਾਂ ਦੇ ਸਫ਼ਰ ਵਿਚੋਂ ਜਿਹੜੇ 16 ‘ਆਇਕੌਨਿਕ ਓਲੰਪੀਅਨ’ ਚੁਣੇ ਗਏ ਬਲਬੀਰ ਸਿੰਘ ਉਨ੍ਹਾਂ ਵਿਚੋਂ ਇਕ ਸੀ। ਭਾਰਤ, ਏਸ਼ੀਆ ਤੇ ਸੰਸਾਰ ਦਾ ਸਿਰਫ਼ ਉਹੀ ਇਕੋ-ਇਕ ਹਾਕੀ ਖਿਡਾਰੀ ਸੀ ਜਿਸ ਨੂੰ ਇਹ ਮਾਣ ਮਿਲਿਆ। ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ ਵਿਚ ਹੋਇਆ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਸੀ। ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਉਸ ਦੇ ਤਿੰਨੇ ਪੁੱਤਰ ਹੁਣ ਕੈਨੇਡੀਅਨ ਬਣ ਚੁੱਕੇ ਹਨ। ਉਹਦੇ ਜੁਆਈ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ ਦੀ 2012 ਮ੍ਰਿਤੂ ਹੋ ਗਈ ਸੀ। ਧੀ ਸੁਸ਼ਬੀਰ ਕੌਰ ਤੇ ਦੋਹਤਾ ਕਬੀਰ ਸਿੰਘ ਭੋਮੀਆ ਚੰਡੀਗੜ੍ਹ ਰਹਿੰਦੇ ਹਨ। ਜੀਵਨ ਦੇ ਆਖ਼ਿਰੀ ਸਾਹਾਂ ਤਕ ਬਲਬੀਰ ਸਿੰਘ ਕਹਿੰਦਾ ਰਿਹਾ ਸੀ, “ਹਾਕੀ ਮੇਰਾ ਇਸ਼ਕ ਹੈ। ਮੇਰੇ ’ਤੇ ਵਾਹਿਗੁਰੂ ਦੀ ਕਿਰਪਾ ਹੈ ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇਜ਼ਤ ਕਰਨੀ ਸਿਖਾਈ। ਮੈਨੂੰ ਅਨੁਸ਼ਾਸਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ, ਆਪਣੇ ਮਾਪਿਆਂ, ਅਧਿਆਪਕਾਂ, ਕੋਚ ਸਾਹਿਬਾਨ, ਟੀਮ ਸਾਥੀਆਂ, ਦੋਸਤਾਂ ਮਿੱਤਰਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਕੌਰ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹਨ। ਮੈਂ ਅਕਸਰ ਆਖਦਾਂ, ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ।”
ਬਲਬੀਰ ਸਿੰਘ ਨੇ ਪਹਿਲਾ ਸਾਹ 31 ਦਸੰਬਰ 1923 ਨੂੰ ਲਿਆ ਸੀ ਤੇ ਆਖ਼ਿਰੀ ਸਾਹ 25 ਮਈ 2020 ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਿਆ। 25 ਮਈ ਦੀ ਸ਼ਾਮ ਨੂੰ ਉਹਦੀ ਦੇਹ ਦਾ ਰਾਜਕੀ ਸਨਮਾਨ ਸਹਿਤ ਚੰਡੀਗੜ੍ਹ ਵਿਚ ਸਸਕਾਰ ਕਰ ਦਿੱਤਾ ਗਿਆ ਸੀ। ਉਹਦੀ ਇੱਛਾ ਅਨੁਸਾਰ ਉਹਦੀ ਹਾਕੀ ਵੀ ਚਿਤਾ ਵਿਚ ਨਾਲ ਹੀ ਸਸਕਾਰੀ ਗਈ। ਉਸ ਮੌਕੇ ਪੰਜਾਬ ਦੇ ਖੇਡ ਮੰਤਰੀ ਨੇ ਐਲਾਨ ਕੀਤਾ ਸੀ ਕਿ ਮੁਹਾਲੀ ਦੇ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਹਾਕੀ ਸਟੇਡੀਅਮ ਰੱਖਿਆ ਜਾਵੇਗਾ। ਇਹ ਵੀ ਕਿਹਾ ਸੀ, ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਪੁਰਜ਼ੋਰ ਸਿਫਾਰਸ਼ ਕਰੇਗੀ ਕਿ ਉਹ ਆਇਕੌਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਨਾਲ ਨਿਵਾਜੇ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਗੁਰਸਿੱਖ ਖਿਡਾਰੀ ਬਲਬੀਰ ਸਿੰਘ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਸ਼ੋਭਿਤ ਕੀਤਾ ਜਾਵੇਗਾ। ਇਕੋ ਐਲਾਨ ਸਿਰੇ ਚੜ੍ਹਿਆ ਕਿ ਬਲਬੀਰ ਸਿੰਘ ਦੀ ਪਹਿਲੀ ਬਰਸੀ ਮੌਕੇ ਮੁਹਾਲੀ ਵਿਚ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਦਾ ਉਦਘਾਟਨ ਕਰ ਦਿੱਤਾ ਗਿਆ ਪਰ ਉਸ ਦਾ ਚਿੱਤਰ ਅਜੇ ਅਜਾਇਬ ਘਰ ਵਿਚ ਸਸ਼ੋਭਿਤ ਨਹੀਂ ਹੋਇਆ ਤੇ ਨਾ ਹੀ ਭਾਰਤ ਰਤਨ ਦੀ ਗੱਲ ਅੱਗੇ ਤੁਰੀ ਹੈ।
‘ਗੋਲਡਨ ਹੈਟ ਟ੍ਰਿਕ’ ਬਲਬੀਰ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਆਟੋਗਰਾਫੀ ਹੈ ਜੋ 1977 ਵਿਚ ਛਪੀ। ‘ਗੋਲਡਨ ਗੋਲ’ ਮੇਰੇ ਵੱਲੋਂ ਪੰਜਾਬੀ ਵਿਚ ਲਿਖੀ ਉਹਦੀ ਜੀਵਨੀ ਹੈ ਜੋ 2015 ਵਿਚ ਪ੍ਰਕਾਸ਼ਿਤ ਹੋਈ। ਉਹਦੀਆਂ ਅੰਤਲੀਆਂ ਸਤਰਾਂ ਹਨ: ਕੀ ਸਰਕਾਰ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹੈ? ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੂੰ ਜਿਊਂਦੇ ਜੀਅ ਭਾਰਤ ਰਤਨ ਦੇ ਦਿੱਤਾ ਗਿਆ। ਦੇਖਦੇ ਹਾਂ ਬਲਬੀਰ ਸਿੰਘ ਨੂੰ ਭਾਰਤ ਰਤਨ ਜਿਊਂਦੇ ਜੀਅ ਮਿਲਦਾ ਹੈ ਜਾਂ ਜੀਵਨ ਉਪਰੰਤ?
ਸੰਪਰਕ: principalsarwansingh@gmail.com