ਪੱਤਰ ਪ੍ਰੇਰਕ
ਬੁਢਲਾਡਾ/ਮਾਨਸਾ, 24 ਮਈ
ਬੈਂਕਾਕ (ਥਾਈਲੈਂਡ) ਵਿੱਚ ਹੋਏ ਬੈਡਮਿੰਟਨ ਥੌਮਸ ਕੱਪ ਟੂਰਨਾਮੈਂਟ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀ ਧਰੁਵ ਕਪਿਲਾ ਦਾ ਅੱਜ ਇਥੇ ਗੁਰੂ ਨਾਨਕ ਕਾਲਜ ਬੁਢਲਾਡਾ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਭਾਰਤ ਨੇ ਇਸ ਵੱਕਾਰੀ ਟੂਰਨਾਮੈਂਟ ਵਿੱਚ ਆਪਣਾ ਲੋਹਾ ਮਨਵਾਉਂਦੇ ਹੋਏ 14 ਵਾਰ ਜੇਤੂ ਰਹਿ ਚੁੱਕੀ ਇੰਡੋਨੇਸ਼ੀਆ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਬੈਡਮਿੰਟਨ ਟੀਮ ਨੇ ਇਹ ਖ਼ਿਤਾਬ ਆਪਣੇ ਨਾਮ ਕੀਤਾ ਹੈ। ਸਥਾਨਕ ਗੁਰੂ ਨਾਨਕ ਕਾਜਲ ਵੱਲੋਂ ਅੱਜ ਆਪਣੇ ਸਾਬਕਾ ਵਿਦਿਆਰਥੀ ਤੇ ਭਾਰਤੀ ਟੀਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀ ਧਰੁਵ ਕਪਿਲਾ ਦੇ ਸਵਾਗਤ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਧਰੁਵ ਕਪਿਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਜਿੱਤ ਨਾਲ ਸੰਸਥਾ ਦੇ ਸ਼ਾਨਾਂਮੱਤੇ ਇਤਿਹਾਸ ਵਿੱਚ ਇਕ ਨਵਾਂ ਸੁਨਿਹਰੀ ਪੰਨਾ ਜੁੜਿਆ ਹੈ, ਜਿਸ ਨਾਲ ਸੰਸਥਾ ਦਾ ਨਾਮ ਪੰਜਾਬ ਤੇ ਭਾਰਤ ਦੇਸ਼ ਵਿੱਚ ਰੌਸ਼ਨ ਹੋਇਆ ਹੈ। ਸੰਸਥਾ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਸਿੰਘ ਨੇ ਕਿਹਾ ਕਿ ਆਨੰਦ ਤਿਵਾੜੀ ਦੀ ਦੇਖ-ਰੇਖ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਧਰੁਵ ਕਪਿਲਾ ਨੇ ਭਾਰਤ ਦੀ ਟੀਮ ਵਿੱਚ ਆਪਣਾ ਥਾਂ ਬਣਾਇਆ ਤੇ ਕੌਮੀ ਟੀਮ ਦੇ ਕੋਚ ਪੁਲੇਲਾ ਗੋਪੀ ਚੰਦ ਦੀ ਸੁਚੱਜੀ ਅਗਵਾਈ ਨਾਲ ਟੀਮ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਵਿਸ਼ੇਸ਼ ਪਛਾਣ ਕਾਇਮ ਕੀਤੀ ਹੈ। ਕਾਲਜ ਵੱਲੋਂ ਮਿਲੇ ਭਰਵੇਂ ਪਿਆਰ ਅਤੇ ਸਨਮਾਨ ਤੋਂ ਬਾਅਦ ਧਰੁਵ ਕਪਿਲਾ ਨੇ ਕਿਹਾ ਕਿ ਉਸ ਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਗੁਰੂ ਨਾਨਕ ਕਾਲਜ ਦਾ ਵਿਦਿਆਰਥੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਕੱਤਰ ਵਿੱਦਿਆ ਇੰਜਨੀਅਰ ਸੁਖਵਿੰਦਰ ਸਿੰਘ ਨੇ ਇਸ ਸ਼ਾਨਾਂਮੱਤੀ ਪ੍ਰਾਪਤੀ ਲਈ ਧਰੁਵ ਕਪਿਲਾ, ਸੰਸਥਾ ਦੇ ਮੁਖੀ ਡਾ. ਕੁਲਦੀਪ ਸਿੰਘ ਬੱਲ, ਖੇਡ ਵਿਭਾਗ ਦੇ ਸਮੂਹ ਸਟਾਫ ਅਤੇ ਕਾਲਜ ਨੂੰ ਵਧਾਈ ਦਿੱਤੀ।