ਮੁੰਬਈ, 27 ਜੁਲਾਈ
ਐਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਵੀਆਈਪੀ ਹਸਤੀਆਂ ਨੂੰ ਮਹਾਰਾਸ਼ਟਰ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਚਾਅ ਤੇ ਰਾਹਤ ਕਾਰਜਾਂ ਵਿਚ ਅੜਿੱਕਾ ਪੈਂਦਾ ਹੈ।
ਵੇਰਵਿਆਂ ਮੁਤਾਬਕ ਮਹਾਰਾਸ਼ਟਰ ਵਿਚ ਮੀਂਹ ਨਾਲ ਜੁੜੇ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ 192 ਹੋ ਗਈ ਹੈ। 28 ਹੋਰ ਲਾਸ਼ਾਂ ਮਿਲੀਆਂ ਹਨ ਤੇ ਜ਼ਿਆਦਾਤਰ ਜਾਨੀ ਨੁਕਸਾਨ ਰਾਏਗੜ੍ਹ ਵਿਚ ਹੋਇਆ ਹੈ। ਹੁਣ ਤੱਕ ਦੋ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ। ਰਤਨਾਗਿਰੀ ਤੇ ਰਾਏਗੜ੍ਹ ਜ਼ਿਲ੍ਹਿਆਂ ਵਿਚ 5000, ਕੋਹਲਾਪੁਰ ਤੇ ਸਾਂਗਲੀ ’ਚ 2000, ਸਤਾਰਾ ਵਿਚ ਇਕ ਹਜ਼ਾਰ ਪਰਿਵਾਰ ਮੀਂਹ ਤੇ ਹੜ੍ਹਾਂ ਕਾਰਨ ਪ੍ਰਭਾਵਿਤ ਦੱਸੇ ਜਾ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਉਹ ਆਪਣੇ ਨਿੱਜੀ ਤਜਰਬੇ ਨਾਲ ਕਹਿ ਸਕਦੇ ਹਨ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਹੋਰ ਮੰਤਰੀ ਜਿਨ੍ਹਾਂ ਦੀ ਬਚਾਅ-ਰਾਹਤ ਕਾਰਜਾਂ ਲਈ ਜ਼ਿੰਮੇਵਾਰੀ ਲੱਗੀ ਹੈ, ਤੋਂ ਬਿਨਾਂ ਹੋਰਾਂ ਨੂੰ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਨਹੀਂ ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਵੀਆਈਪੀ ਦੌਰੇ ਸਥਾਨਕ ਮਸ਼ੀਨਰੀ ਤੇ ਪ੍ਰਸ਼ਾਸਨ ਉਤੇ ਬੇਲੋੜਾ ਬੋਝ ਪਾਉਂਦੇ ਹਨ ਤੇ ਉਨ੍ਹਾਂ ਨੂੰ ਧਿਆਨ ਹੋਰ ਪਾਸੇ ਲਾਉਣਾ ਪੈਂਦਾ ਹੈ। ਪਵਾਰ ਨੇ ਕਿਹਾ ਕਿ ਉਹ ਆਮ ਤੌਰ ’ਤੇ ਇਨ੍ਹਾਂ ਇਲਾਕਿਆਂ ਦਾ ਦੌਰਾ ਕਰਦੇ ਰਹਿੰਦੇ ਹਨ, ਪਰ ਇਸ ਵਾਰ ਉਹ ਜਾਣ ਤੋਂ ਪਰਹੇਜ਼ ਕਰ ਰਹੇ ਹਨ ਕਿਉਂਕਿ ਇਸ ਨਾਲ ਪ੍ਰਸ਼ਾਸਨ ਨੂੰ ਹੋਰ ਪਾਸੇ ਧਿਆਨ ਦੇਣਾ ਪੈਂਦਾ ਹੈ। ਮਹਾਰਾਸ਼ਟਰ ਦੇ ਰਾਜਪਾਲ ਬੀ.ਐੱਸ. ਕੋਸ਼ਿਆਰੀ ਵੱਲੋਂ ਮੁਅੱਤਲ ਭਾਜਪਾ ਵਿਧਾਇਕ ਆਸ਼ੀਸ਼ ਸ਼ੇਲਾਰ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ’ਤੇ ਪਵਾਰ ਨੇ ਕਿਹਾ ਕਿ ਰਾਜਪਾਲ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੇ ਰੂਪ ਵਿਚ ਸੂਬੇ ਲਈ ਹੋਰ ਫੰਡ ਜੁਟਾ ਸਕਦੇ ਹਨ। ਸ਼ਰਦ ਪਵਾਰ ਨੇ ਕਿਹਾ ਕਿ ਐਨਸੀਪੀ ਆਉਣ ਵਾਲੇ ਦਿਨਾਂ ਵਿਚ ਸੂਬੇ ’ਚ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਮੈਡੀਕਲ ਟੀਮਾਂ ਤੇ ਰਾਹਤ ਸਮੱਗਰੀ ਭੇਜੇਗੀ। ਪਾਰਟੀ ਦਾ ਭਲਾਈ ਟਰੱਸਟ ਵੀ ਮਦਦ ਭੇਜੇਗਾ। ਪਵਾਰ ਨੇ ਕਿਹਾ ਕਿ ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਕ ਕਾਰਗਰ ਨੀਤੀ ਬਣਾਉਣੀ ਪਵੇਗੀ ਜੋ ਲੰਮੇ ਸਮੇਂ ਤੱਕ ਚੱਲੇ।
ਉਨ੍ਹਾਂ ਕਿਹਾ ਕਿ ਹੜ੍ਹਾਂ ਵਾਲੇ ਜ਼ੋਨਾਂ ਵਿਚ ਉਸਾਰੀ ਇਕ ਚੁਣੌਤੀ ਹੈ ਤੇ ਕੁਝ ਕੇਸਾਂ ਵਿਚ ਇਸ ਦਾ ਹੱਲ ਕੱਢਣ ਦੀ ਲੋੜ ਹੈ। ਐਨਸੀਪੀ ਮੁਖੀ ਨੇ ਕਿਹਾ ਕਿ ਇਕ ਵਾਰ ਨੁਕਸਾਨ ਬਾਰੇ ਸਹੀ ਅੰਦਾਜ਼ਾ ਲੱਗਣ ਤੋਂ ਬਾਅਦ ਉਹ ਕੇਂਦਰ ਸਰਕਾਰ ਕੋਲ ਮੁਆਵਜ਼ੇ ਦਾ ਕੇਸ ਰੱਖਣਗੇ। -ਪੀਟੀਆਈ