ਪੱਤਰ ਪ੍ਰੇਰਕ
ਪਠਾਨਕੋਟ, 11 ਜਨਵਰੀ
ਇੱਕ ਸੇਵਾਮੁਕਤ ਅਧਿਆਪਕ ਦੇ ਘਰ ਵਿੱਚੋਂ ਦਿਨ ਸਮੇਂ ਚੋਰ ਤਾਲੇ ਤੋੜ ਕੇ 35 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਥਾਣਾ ਸੁਜਾਨਪੁਰ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ।
ਪਿੰਡ ਨਵਾਂ ਗੁਗਰਾਂ ਵਾਸੀ ਸੇਵਾਮੁਕਤ ਅਧਿਆਪਕ ਗੋਪਾਲ ਸ਼ਰਮਾ ਫਿਰੋਜ਼ਪੁਰੀ ਅਤੇ ਉਨ੍ਹਾਂ ਦੇ ਬੇਟੇ ਪ੍ਰਸ਼ਾਂਤ ਸ਼ਰਮਾ ਨੇ ਦੱਸਿਆ ਕਿ ਉਹ ਪਠਾਨਕੋਟ ਵਿੱਚ ਰਹਿੰਦੇ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ’ਤੇ ਘਰ ਨੂੰ ਤਾਲੇ ਲਾ ਕੇ ਗਏ ਸੀ। ਦੇਰ ਸ਼ਾਮ ਨੂੰ ਜਦ ਉਹ ਘਰ ਪਰਤੇ ਤਾਂ ਅੰਦਰ ਜਾ ਕੇ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਘਰ ਦੇ ਅੰਦਰ ਦੀ ਅਲਮਾਰੀ ਅਤੇ ਬੈੱਡ ਖੁੱਲ੍ਹੇ ਪਏ ਸਨ। ਉਨ੍ਹਾਂ ਚੈੱਕ ਕੀਤਾ ਤਾਂ 35 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਦੀ ਨਗਦੀ ਗਾਇਬ ਸੀ। ਗੋਪਾਲ ਸ਼ਰਮਾ ਫਿਰੋਜ਼ਪੁਰੀ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਸੁਜਾਨਪੁਰ ਪੁਲੀਸ ਨੂੰ ਦੇ ਦਿੱਤੀ ਹੈ। ਸੁਜਾਨਪੁਰ ਥਾਣੇ ਦੇ ਮੁਖੀ ਸੁਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲ ਗਈ ਹੈ ਅਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।