ਹਰਦੀਪ ਸਿੰਘ ਭੰਗੂ/ ਨਿੱਜੀ ਪੱਤਰ ਪ੍ਰੇਰਕ
ਭਾਦਸੋਂ 24 ਮਈ
ਪਿੰਡ ਜਿੰਦਲਪੁਰ ’ਚ ਸਰਕਾਰੀ ਮਿਡਲ ਸਕੂਲ ਦੀ ਚਾਰਦੀਵਾਰੀ ਦੇ ਅੰਦਰ ਖੇਡ ਮੈਦਾਨ ਨੂੰ ਨਾਜਾਇਜ਼ ਕਾਸ਼ਤਕਾਰੀ ਤੋਂ ਮੁਕਤ ਕਰਵਾ ਕੇ ਨੌਜਵਾਨਾਂ ਲਈ ਸਾਫ ਕਰਨਾ ਪਿੰਡ ਦੇ ਸਮਾਜਸੇਵੀਆਂ ਨੂੰ ਕਥਿਤ ਤੌਰ ’ਤੇ ਉਦੋਂ ਮਹਿੰਗਾ ਪਿਆ ਜਦੋਂ ਖਿਡਾਰੀਆਂ ਲਈ ਮੈਦਾਨ ਦੀ ਸਾਫ ਸਫਾਈ ਕਰ ਰਹੇ ਸਮਾਜ ਸੇਵੀ ਬਿੱਕਰ ਸਿੰਘ, ਨਰਿੰਦਰ ਕੁਮਾਰ ਤੇ ਗੁਰਸੇਵਕ ਸਿੰਘ ਉੱਤੇ ਪਿੰਡ ਦੀ ਪੰਚਾਇਤ ਨੇ ਡੰਡੇ ਸੋਟਿਆਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਪੁਲੀਸ ਨੇ ਸਰਪੰਚ ਗੁਰਦੀਪ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਭਗਵਾਨ ਸਿੰਘ ਸਮੇਤ ਛੇ ਵਿਅਕਤੀਆਂ ’ਤੇ ਕੁੱਟਮਾਰ ਦਾ ਪਰਚਾ ਕਰ ਦਿੱਤਾ, ਪਰ ਮਾਮਲੇ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਜ਼ਖ਼ਮੀ ਹੋਏ ਨਰਿੰਦਰ ਕੁਮਾਰ ਨੇ ਤਿੰਨ ਪੰਚਾਂ ਕੁਲਦੀਪ ਸਿੰਘ, ਭਗਵਾਨ ਸਿੰਘ ਤੇ ਸਰਬਜੀਤ ਕੌਰ ਉੱਤੇ ਸ਼ਾਮਲਾਟ ਦੱਬਣ ਦੇ ਦੋਸ਼ ਲਾ ਕੇ ਨਾਇਬ ਤਹਿਸੀਲਦਾਰ ਤੇ ਐਸਡੀਐਮ ਨੂੰ ਦਰਖਾਸਤ ਦੇਣ ਉਪਰੰਤ ਉਕਤ ਪੰਚਾਇਤ ਮੈਂਬਰਾਂ ਦੀ ਕਥਿਤ ਦੱਬੀ ਜ਼ਮੀਨ ਨੂੰ ਛੁਡਵਾਉਣ ਲਈ ਨਿਸ਼ਾਨਦੇਹੀ ਦੀ ਮੰਗ ਕੀਤੀ।
ਬਿੱਕਰ ਸਿੰਘ, ਨਰਿੰਦਰ ਕੁਮਾਰ ਤੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਮੌਕੇ ’ਤੇ ਪੁੱਜੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਚਾਇਤ ਮੈਂਬਰਾਂ ਦੁਆਰਾ ਦੱਬੀ ਜ਼ਮੀਨ ਨੂੰ ਛੁਡਵਾਉਣ ਲਈ ਰੈਵੇਨਿਊ ਵਿਭਾਗ ਤੋਂ ਪੁੱਜੇ ਅਧਿਕਾਰੀਆਂ ਨੂੰ ਉਕਤ ਵਿਅਕਤੀਆਂ ਨੇ ਪਿੰਡ ਦੇ ਬਾਹਰੋਂ ਕੁਝ ਔਰਤਾਂ ਅਤੇ ਪੁਰਸ਼ ਮੰਗਵਾ ਕੇ ਝੂਠਾ ਵਿਰੋਧ ਕਰਵਾਇਆ, ਉਨ੍ਹਾਂ ਨਾਲ ਸਾਜ਼ਬਾਜ਼ ਹੋ ਕੇ ਨਿਸ਼ਾਨਦੇਹੀ ਕਰਨ ਤੋਂ ਜਬਰੀ ਰੋਕ ਦਿੱਤਾ ਅਤੇ ਨਾਜਾਇਜ਼ ਕਬਜ਼ੇ ਖਿਲਾਫ ਲੜ ਰਹੇ ਨਰਿੰਦਰ ਕੁਮਾਰ ਅਤੇ ਧਰਮ ਸਿੰਘ ਦੀ ਸੜਕ ’ਤੇ ਘੇਰ ਕੇ ਸੋਟੀਆਂ ਡੰਡਿਆਂ ਨਾਲ ਕੁੱਟਮਾਰ ਕੀਤੀ। ਇਹ ਸਾਰਾ ਦ੍ਰਿਸ਼ ਸਥਾਨਕ ਲੋਕਾਂ ਅਤੇ ਮੀਡੀਆ ਦੇ ਕੈਮਰਿਆਂ ਵਿੱਚ ਕੈਦ ਹੋ ਚੁੱਕਾ ਹੈ ਜਿਸ ’ਤੇ ਕਾਰਵਾਈ ਲਈ ਥਾਣਾ ਭਾਦਸੋਂ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ। ਇਸ ਸਬੰਧੀ ਥਾਣਾ ਭਾਦਸੋਂ ਦੇ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਨੇ ਕਿਹਾ ਕਿ ਨਰਿੰਦਰ ਕੁਮਾਰ ਵੱਲੋਂ ਉਸ ਦੀ ਘੇਰ ਕੇ ਕੁੱਟਮਾਰ ਕੀਤੇ ਜਾਣ ਦੀ ਦਰਖਾਸਤ ਪ੍ਰਾਪਤ ਹੋਈ ਹੈ ਜਿਸ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋ ਧੜਿਆਂ ਵਿਚਕਾਰ ਲੜਾਈ ਦੇ ਇਸ ਮਾਮਲੇ ਨੂੰ ਲੈ ਕੇ ਪਿੰਡ ਵਿੱਚ ਤਣਾਅ ਦੀ ਸਥਿਤੀ ਹੈ।