ਖੇਤਰੀ ਪ੍ਰਤੀਨਿਧ
ਪਟਿਆਲਾ 25 ਅਪਰੈਲ
ਜ਼ਿਲ੍ਹਾ ਪੁਲੀਸ ਪਟਿਆਲਾ ਨੇ ਤਿੰਨ ਮੁਲਜ਼ਮਾਂ ਨੂੰ ਦੋ ਪਿਸਤੌਲਾਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਐੱਸਐੱਸਪੀ ਡਾ ਨਾਨਕ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਗ੍ਰਿਫਤਾਰੀਆਂ ਤੇ ਬਰਾਮਦਗੀ ਪਟਿਆਲਾ ਦੇ ਐੱਸਪੀ (ਡੀ) ਡਾ ਮਹਿਤਾਬ ਸਿੰਘ ਅਤੇ ਡੀਐੱਸਪੀ ਕ੍ਰਿਸ਼ਨ ਕੁਮਾਰ ਪਾਂਥੇ ਦੀ ਅਗਵਾਈ ਹੇਠ ਸੀਆਈਏ ਸਮਾਣਾ ਦੇ ਇੰਚਾਰਜ ਇੰਸਪੈਕਟਰ ਰਾਹੁਲ ਕੌਸ਼ਲ ਤੇ ਟੀਮ ਨੇ ਕੀਤੀ। ਮੁਲਜ਼ਮਾਂ ਵਿੱਚ ਪੰਮਾ ਸਿੰਘ ਵਾਸੀ ਰਾਜਪੂਤਾਂ ਘਨੌੜ, ਅਵਤਾਰ ਸਿੰਘ ਤਾਰੀ ਵਾਸੀ ਦਿੜ੍ਹਬਾ ਅਤੇ ਕਸ਼ਮੀਰ ਸਿੰਘ ਬੌਬੀ ਵਾਸੀ ਪਿੰਡ ਘੰਗਰੋਲੀ ਸ਼ਾਮਲ ਹਨ।
ਪੁਲੀਸ ਨੇ ਦੇਦਨਾ ਪਿੰਡ ਦੇ ਨੇੜੇ ਸੂਏ ਕੋਲ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆ ਰਹੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਕਾਰਤੂਸ ਮਿਲੇ ਤੇ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਤਿੰਨਾਂ ਦੇ ਖਿਲਾਫ ਥਾਣਾ ਘੱਗਾ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।