ਪੱਤਰ ਪ੍ਰੇਰਕ
ਤਲਵਾੜਾ, 25 ਅਪਰੈਲ
ਨਗਰ ਕੌਂਸਲ ਤਲਵਾੜਾ ’ਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਕਾਂਗਰਸੀਆਂ ’ਚ ਚੱਲ ਰਹੀ ਆਪਸੀ ਖਾਨਾਜੰਗੀ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਠੱਪ ਹੋ ਗਏ ਹਨ, ਤਨਖਾਹ ਨਾ ਮਿਲਣ ਕਾਰਨ ਸਫ਼ਾਈ ਕਰਮਚਾਰੀਆਂ ਸਮੇਤ ਦਫ਼ਤਰੀ ਅਮਲਾ ਪੰਜ ਦਿਨਾਂ ਤੋਂ ਹੜਤਾਲ ’ਤੇ ਹੈ। ਸ਼ਹਿਰ ’ਚ ਸਫ਼ਾਈ ਵਿਵਸਥਾ ਵਿਗੜ ਗਈ ਹੈ। ਮੁੱਖ ਬੱਸ ਅੱਡੇ ਸਮੇਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ’ਚ ਗੰਦਗੀ ਦੇ ਲੱਗੇ ਢੇਰ ‘ਸਵੱਛ ਭਾਰਤ ਮੁਹਿੰਮ’ ਅਤੇ ਸਰਕਾਰ ਵੱਲੋਂ ਮਨਾਏ ਜਾ ਰਹੇ ਮਲੇਰੀਆ ਹਫ਼ਤੇ ਨੂੰ ਮੂੰਹ ਚਿੜ੍ਹਾ ਰਹੇ ਹਨ। ਬੱਸ ਸਟੈਂਡ ਦੇ ਨਜ਼ਦੀਕ ਬੀਡੀਪੀਓ ਦਫ਼ਤਰ ਸਾਹਮਣੇ ਸਮੰਤੀਆਂ ਦੀਆਂ ਦੁਕਾਨਾਂ ਪਿੱਛੇ ਗੰਦਗੀ ਤੋਂ ਦੁਖੀ ਦੁਕਾਨਦਾਰ ਪਰਮਿੰਦਰ ਸਿੰਘ, ਨਵਲ ਕਿਸ਼ੋਰ ਮਹਿਤਾ ਆਦਿ ਨੇ ਵਿਧਾਇਕ ਘੁੰਮਣ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਲੋਕ ਘਰਾਂ/ਦੁਕਾਨਾਂ ਆਦਿ ਦਾ ਕੂੜਾ ਕਰਕਟ ਸੁੱਟ ਜਾਂਦੇ ਹਨ, ਸਬੰਧਤ ਵਿਭਾਗ ਨੂੰ ਵੀ ਦੱਸਿਆ, ਪਰ ਕੋਈ ਅਸਰ ਨਹੀਂ ਹੋਇਆ, ਬਸ ਸਟੈਂਡ ਦੇ ਨਜ਼ਦੀਕ ਬੀਡੀਪੀਓ ਦਫ਼ਤਰ, ਤਹਿਸੀਲ ਕੰਪਲੈਕਸ ਆਦਿ ਸਰਕਾਰੀ ਅਦਾਰੇ ਹਨ, ਪਰ ਲੋਕਾਂ ਲਈ ਮੁਢਲੀਆਂ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਹਨ। ਵਿਧਾਇਕ ਘੁੰਮਣ ਨੇ ਦੁਕਾਨਦਾਰਾਂ ਦੀਆਂ ਸੱਮਸਿਆਵਾਂ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ, ਉੱਥੇ ਹੀ ਮੁਢਲੀਆਂ ਸੁਵਿਧਾਵਾਂ ਦਿਵਾਉਣ ਲਈ ਯਤਨ ਕਰਨ ਦੀ ਗੱਲ ਕਹੀ।