ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਅਪਰੈਲ
ਨਗਰ ਸੁਧਾਰ ਟਰੱਸਟ ਵਿਚ ਫਾਈਲਾਂ ਗੁੰਮ ਹੋਣ ਦਾ ਮਾਮਲਾ ਭਖ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਟਰੱਸਟ ਦੇ ਕਾਰਜਕਾਰੀ ਅਫਸਰ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਜ਼ਿੰਮੇਵਾਰ ਅਫਸਰਾਂ ਅਤੇ ਮੁਲਾਜ਼ਮਾਂ ਵਿਰੁੱਧ ਐੱਫਆਈਆਰ ਦਰਜ ਕਰਵਾਉਣ। ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਵਿਚ ਵੱਡੇ ਪੱਧਰ ’ਤੇ ਗੜਬੜੀਆਂ ਹੋਣ ਦੇ ਦੋਸ਼ ਲੱਗੇ ਸਨ। ਬਹੁਤ ਸਾਰੇ ਲੋਕਾਂ ਨੂੰ ਟਰੱਸਟ ਦੇ ਅਧਿਕਾਰੀ ਖੱਜਲ-ਖੁਆਰ ਕਰ ਰਹੇ ਸਨ। ਡਿਪਟੀ ਕਮਿਸ਼ਨਰ ਤੇ ਟਰੱਸਟ ਦੇ ਪ੍ਰਸ਼ਾਸਕ ਘਨਸ਼ਿਆਮ ਥੋਰੀ ਨੇ ਵੀ ਈਓ ਪਰਮਿੰਦਰ ਸਿੰਘ ਗਿੱਲ ਨੂੰ ਮੁਅੱਤਲ ਕਰਨ ਲਈ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਨੂੰ ਚਿੱਠੀ ਲਿਖੀ ਸੀ। ਪਰ ਅਜੇ ਤੱਕ ਇਸ ’ਤੇ ਅਮਲ ਨਹੀਂ ਹੋਇਆ। ਇਸੇ ਦੌਰਾਨ ਹੀ ਟਰੱਸਟ ਦੀਆਂ ਮਹਤੱਵਪੂਰਨ ਫਾਈਲਾਂ ਗੁੰਮ ਹੋ ਗਈਆਂ ਸਨ।
ਜਾਣਕਾਰੀ ਅਨੁਸਾਰ ਈਓ ਪਰਮਿੰਦਰ ਸਿੰਘ ਗਿੱਲ ਨੇ 11 ਅਪਰੈਲ ਨੂੰ ਸਥਾਨਕ ਸਰਕਾਰਾਂ ਵਿਭਾਗ ਨੂੰ ਪੱਤਰ ਲਿਖ ਕੇ ਫਾਈਲਾਂ ਗੁਆਚਣ ਬਾਰੇ ਸੂਚਿਤ ਕੀਤਾ ਸੀ। ਉਨ੍ਹਾਂ ਨੇ ਇਨ੍ਹਾਂ ਫਾਈਲਾਂ ਗੁਆਚਣ ਬਾਰੇ ਸਬੰਧਤ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਲਈ ਆਗਿਆ ਮੰਗੀ ਸੀ। ਪਿਛਲੇ ਦਿਨੀਂ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਨੇ ਵੀ ਟਰੱਸਟ ਦੇ ਦਫਤਰ ਵਿਚ ਛਾਪਾ ਮਾਰਿਆ ਸੀ। ਇਹ ਕਾਰਵਾਈ ਲੋਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਅਧਾਰ ’ਤੇ ਕੀਤੀ ਗਈ ਸੀ। ਵਿਜੀਲੈਂਸ ਵਿੰਗ ਵੱਲੋਂ ਮਾਰੇ ਗੇ ਛਾਪੇ ਦੌਰਾਨ ਜ਼ਬਤ ਕੀਤੀਆਂ ਫਾਈਲਾਂ ਵਿਚ ਕੀ ਗੜਬੜੀ ਪਾਈ ਗਈ ਸੀ, ਉਸ ਬਾਰੇ ਅਜੇ ਰਿਪੋਰਟ ਆਉਣੀ ਬਾਕੀ ਹੈ। ਨਗਰ ਸੁਧਾਰ ਟਰੱਸਟ ਦੀ ਪ੍ਰਾਪਰਟੀ ਕਾਫੀ ਕੀਮਤੀ ਹੈ ਤੇ ਪੌਸ਼ ਕਲੋਨੀਆਂ ਵਿਚ ਐੱਲਡੀਪੀ ਕੋਟੇ ਦੇ ਪਲਾਟਾਂ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਇਸ ਕੋਟੇ ਅਧੀਨ ਅਲਾਟ ਕੀਤੇ ਗਏ ਪਲਾਟਾਂ ਦੀਆਂ ਫਾਈਲਾਂ ਵੀ ਗੁੰਮ ਦੱਸੀਆਂ ਜਾ ਰਹੀਆਂ ਹਨ।