ਨਵੀਂ ਦਿੱਲੀ, 28 ਜੁਲਾਈ
ਲੋਕ ਸਭਾ ਅਤੇ ਰਾਜ ਸਭਾ ’ਚ ਅੱਜ ਵਿਰੋਧੀ ਧਿਰ ਨੇ ਪੈਗਾਸਸ ਜਾਸੂਸੀ ਕਾਂਡ, ਖੇਤੀ ਕਾਨੂੰਨਾਂ ਅਤੇ ਹੋਰ ਮੁੱਦਿਆਂ ਖ਼ਿਲਾਫ਼ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਲੋਕ ਸਭਾ ’ਚ ਸਪੀਕਰ ਦੇ ਆਸਣ ਵੱਲ ਕਾਗਜ਼ ਉਛਾਲੇ ਗਏ। ਕਈ ਮੈਂਬਰਾਂ ਨੇ ਵਿਰੋਧ ਲਈ ਹੱਥਾਂ ’ਚ ਫੜੇ ਪੋਸਟਰਾਂ ਨੂੰ ਵੀ ਪਾੜ ਦਿੱਤਾ। ਹੰਗਾਮੇ ਦੇ ਬਾਵਜੂਦ ਸਰਕਾਰ ਨੇ ਤਿੰਨ ਬਿਲਾਂ ਨੂੰ ਪਾਸ ਕਰਵਾ ਲਿਆ। ਸਦਨ ਦੀ ਕਾਰਵਾਈ ਭਲਕੇ ਤੱਕ ਲਈ ਉਠਾਉਣ ਤੋਂ ਪਹਿਲਾਂ ਅੱਜ ਪੰਜ ਵਾਰ ਮੁਲਤਵੀ ਕਰਨੀ ਪਈ।
ਪ੍ਰਸ਼ਨਕਾਲ ਤੋਂ ਬਾਅਦ ਜਦੋਂ ਲੋਕ ਸਭਾ ’ਚ ਸਪੀਕਰ ਦੀ ਕੁਰਸੀ ’ਤੇ ਰਾਜੇਂਦਰ ਅਗਰਵਾਲ ਬੈਠੇ ਤਾਂ ਕਾਂਗਰਸ ਮੈਂਬਰਾਂ ਗੁਰਜੀਤ ਔਜਲਾ, ਟੀ ਐੱਨ ਪ੍ਰਤਾਪਨ, ਹਬਿੀ ਈਡਨ ਅਤੇ ਕੁਝ ਹੋਰ ਮੈਂਬਰਾਂ ਨੇ ਚੇਅਰ ਵੱਲ ਕਾਗਜ਼ ਅਤੇ ਪੋਸਟਰਾਂ ਦੇ ਟੁੱਕੜੇ ਪਾੜ ਕੇ ਸੁੱਟੇ। ਪੋਸਟਰ ਦਾ ਇਕ ਟੁੱਕੜਾ ਸਪੀਕਰ ਦੇ ਆਸਣ ਵਾਲੀ ਥਾਂ ਤੋਂ ਉਪਰ ਪ੍ਰੈੱਸ ਗੈਲਰੀ ’ਚ ਆ ਕੇ ਡਿੱਗਿਆ। ਫਿਰ ਵੀ ਸਦਨ ਦੀ ਕਾਰਵਾਈ ਜਾਰੀ ਰਹੀ। ਇਸ ਦੌਰਾਨ ਇਕ ਕਾਗਜ਼ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਸੀਟ ਨੇੜੇ ਆ ਕੇ ਡਿੱਗਿਆ। ਇਸ ਮਗਰੋਂ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ ਸਾਢੇ 12 ਵਜੇ ਅਤੇ ਫਿਰ ਚਾਰ ਹੋਰ ਵਾਰ ਮੁਲਤਵੀ ਹੁੰਦੀ ਰਹੀ। ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਹੀ ਸਰਕਾਰ ਨੇ ਆਈਬੀਸੀ ਸੋਧ ਬਿਲ, ਪੂਰਕ ਮੰਗਾਂ ਦੇ ਪਹਿਲੇ ਬੈਚ ਨੂੰ ਪ੍ਰਵਾਨਗੀ ਅਤੇ ਗ੍ਰਾਂਟਾਂ ਲਈ ਪੂਰਕ ਮੰਗਾਂ ਤੇ ਨਮਿੱਤਣ ਬਿਲ ਨੂੰ ਪਾਸ ਕਰਵਾ ਲਿਆ। ਉਧਰ ਰਾਜ ਸਭਾ ’ਚ ਵੀ ਸਰਕਾਰ ਨੇ ਹੰਗਾਮੇ ਦੌਰਾਨ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ) ਸੋਧ ਬਿਲ, 2021 ਪਾਸ ਕਰਵਾ ਲਿਆ। ਇਹ ਬਿਲ ਪਹਿਲਾਂ ਹੀ ਲੋਕ ਸਭਾ ’ਚ ਪਾਸ ਹੋ ਚੁੱਕਿਆ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਬਿਲ ਸਦਨ ’ਚ ਪੇਸ਼ ਕਰਦਿਆਂ ਕਿਹਾ ਕਿ ਕੁਝ ਮੰਨੇ ਪ੍ਰਮੰਨੇ ਸੰਸਦ ਮੈਂਬਰ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਹਮੇਸ਼ਾ ਗੱਲ ਕਰਦੇ ਹਨ ਪਰ ਉਹ ਹੁਣ ਉਨ੍ਹਾਂ ਲੋਕਾਂ ਨਾਲ ਸਬੰਧਿਤ ਮੁੱਦੇ ’ਤੇ ਚੇਅਰਮੈਨ ਦੇ ਆਸਣ ਸਾਹਮਣੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅੜਿੱਕੇ ਦੇ ਬਾਵਜੂਦ ਸਦਨ ਦੇਸ਼ ਦੇ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਮਦਦ ਵੱਲ ਧਿਆਨ ਜ਼ਰੂਰ ਦੇਵੇਗਾ। ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਸਿਫ਼ਰ ਕਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ, ਟੀਐੱਮਸੀ ਅਤੇ ਹੋਰ ਪਾਰਟੀਆਂ ਦੇ ਮੈਂਬਰ ਪੈਗਾਸਸ ਜਾਸੂਸੀ ਕਾਂਡ, ਖੇਤੀ ਕਾਨੂੰਨਾਂ, ਮਹਿੰਗਾਈ ਤੇ ਹੋਰ ਮੁੱਦਿਆਂ ’ਤੇ ਨਾਅਰੇਬਾਜ਼ੀ ਕਰਦੇ ਰਹੇ। ਨਾਇਡੂ ਨੇ ਰਾਜ ਸਭਾ ਸਕੱਤਰੇਤ ਨੂੰ ਉਨ੍ਹਾਂ ਸੰਸਦ ਮੈਂਬਰਾਂ ਦੇ ਨਾਮ ਪ੍ਰਕਾਸ਼ਿਤ ਕਰਨ ਲਈ ਕਿਹਾ ਜੋ ਸਿਫ਼ਰਕਾਲ ’ਚ ਮੁੱਦਾ ਉਠਾਉਣਾ ਚਾਹੁੰਦੇ ਸਨ। ਦੁਪਹਿਰ ਪੌਣੇ ਤਿੰਨ ਵਜੇ ਸਦਨ ਜੁੜਨ ’ਤੇ ਚੇਅਰ ’ਤੇ ਬੈਠੇ ਭੁਬਨੇਸ਼ਵਰ ਕਾਲੀਤਾ ਨੇ ਦੱਸਿਆ ਕਿ ਇਕ ਮੈਂਬਰ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਸ ਨੂੰ ਆਰਐੱਮਐੱਲ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਠੀਕ ਹੈ। ਕਾਲੀਤਾ ਨੇ ਮੈਂਬਰਾਂ ਨੂੰ ਬਿਲ ’ਤੇ ਬਹਿਸ ’ਚ ਹਿੱਸਾ ਲੈਣ ਲਈ ਕਿਹਾ। ਟੀਐੱਮਸੀ ਮੈਂਬਰ ਡੈਰੇਕ ਓ’ਬ੍ਰਾਇਨ ਸਮੇਤ ਕੁਝ ਮੈਂਬਰਾਂ ਨੇ ਬਿਲ ’ਤੇ ਵੋਟਿੰਗ ਕਰਾਉਣ ਦੀ ਮੰਗ ਕੀਤੀ ਪਰ ਮੈਂਬਰ ਆਪਣੀਆਂ ਸੀਟਾਂ ’ਤੇ ਨਾ ਗਏ ਤਾਂ ਬਿਲ ਨੂੰ ਹੰਗਾਮੇ ਦੌਰਾਨ ਹੀ ਪਾਸ ਕਰ ਦਿੱਤਾ ਗਿਆ। -ਪੀਟੀਆਈ
ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਨੂੰ ਨਹੀਂ ਦਿਖਾ ਰਿਹੈ ਰਾਜ ਸਭਾ ਟੀਵੀ: ਟੀਐੱਮਸੀ
ਨਵੀਂ ਦਿੱਲੀ: ਟੀਐੱਮਸੀ ਨੇ ਅੱਜ ਦੋਸ਼ ਲਾਇਆ ਹੈ ਕਿ ਰਾਜ ਸਭਾ ਟੈਲੀਵਿਜ਼ਨ ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਬਾਰੇ ਸਮੱਗਰੀ ਨੂੰ ਸੈਂਸਰ ਕਰ ਰਿਹਾ ਹੈ। ਰਾਜ ਸਭਾ ’ਚ ਟੀਐੱਮਸੀ ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਟਵੀਟ ਕਰਕੇ ਕਿਹਾ,‘‘ਸੈਂਸਰਸ਼ਿਪ। ਮੋਦੀ-ਸ਼ਾਹ ਦਾ ਮਾਸਟਰ ਸਟ੍ਰੋਕ। ਰਾਜ ਸਭਾ ਟੀਵੀ ਚੋਣਵੇਂ ਦ੍ਰਿਸ਼ ਐਡਿਟ ਕਰਕੇ ਦਿਖਾ ਰਿਹਾ ਹੈ। ਪੰਦਰਾਂ ਵਿਰੋਧੀ ਪਾਰਟੀਆਂ ਦੇ ਕਰੀਬ 100 ਸੰਸਦ ਮੈਂਬਰਾਂ ਵੱਲੋਂ ਸਦਨ ’ਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਪ੍ਰਸਾਰਿਤ ਨਹੀਂ ਕੀਤਾ ਜਾ ਰਿਹਾ ਹੈ। ਹੈਸ਼ਟੈਗ ਪੈਗਾਸਸ ਹੈਕਿੰਗ, ਜਾਸੂਸੀ, ਫ਼ੌਜੀ ਸਪਾਈਵੇਅਰ।’’ ਟੀਐੱਮਸੀ ਆਗੂ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਰਾਜ ਸਭਾ ਟੀਵੀ ਨੇ ਤੁਰੰਤ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। -ਪੀਟੀਆਈ
ਜੰਮੂ ਕਸ਼ਮੀਰ ਨੂੰ ਢੁੱਕਵੇਂ ਸਮੇਂ ’ਤੇ ਮਿਲੇਗਾ ਰਾਜ ਦਾ ਦਰਜਾ: ਸਰਕਾਰ
ਨਵੀਂ ਦਿੱਲੀ: ਸਰਕਾਰ ਨੇ ਅੱਜ ਰਾਜ ਸਭਾ ’ਚ ਕਿਹਾ ਕਿ ਜੰਮੂ ਕਸ਼ਮੀਰ ’ਚ ਹਾਲਾਤ ਆਮ ਵਾਂਗ ਹੋਣ ਮਗਰੋਂ ਹੀ ਰਾਜ ਦਾ ਦਰਜਾ ਢੁੱਕਵੇਂ ਸਮੇਂ ’ਤੇ ਦਿੱਤਾ ਜਾਵੇਗਾ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ’ਚ ਲਿਖਤੀ ਜਵਾਬ ਦੌਰਾਨ ਇਹ ਜਾਣਕਾਰੀ ਦਿੱਤੀ। ਸਰਕਾਰ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਜੰਮੂ ਕਸ਼ਮੀਰ ’ਚ ਸੂਬੇ ਦਾ ਦਰਜਾ ਬਹਾਲ ਕਰਨ ਦੀ ਕੋਈ ਤਜਵੀਜ਼ ਹੈ ਅਤੇ ਕੀ ਸੰਚਾਰ ਦੇ ਵੱਖ ਵੱਖ ਸਾਧਨਾਂ ’ਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਲੱਗੀ ਪਾਬੰਦੀ ਨੂੰ ਹਟਾਉਣ ਲਈ ਕੋਈ ਯਤਨ ਕੀਤੇ ਗਏ ਹਨ। ਮੰਤਰੀ ਨੇ ਕਿਹਾ ਕਿ ਸੰਵਿਧਾਨਕ ਬਦਲਾਵਾਂ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਕਾਰਨ ਦੇਸ਼ ਹਿੱਤ ਤੇ ਸੁਰੱਖਿਆ ਕਾਰਨਾਂ ਕਰਕੇ ਸੰਚਾਰ ਦੇ ਵੱਖ ਵੱਖ ਸਾਧਨਾਂ ਜਿਵੇਂ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ’ਤੇ ਆਰਜ਼ੀ ਪਾਬੰਦੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਪਾਬੰਦੀਆਂ ਦੀ ਨਜ਼ਰਸਾਨੀ ਕਰਕੇ ਉਨ੍ਹਾਂ ਨੂੰ ਪੜਾਅਵਾਰ ਢੰਗ ਨਾਲ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਜੰਮੂ ਕਸ਼ਮੀਰ ’ਚ 4ਜੀ ਇੰਟਰਨੈੱਟ ਡੇਟਾ ਸੇਵਾਵਾਂ 5 ਫਰਵਰੀ ਤੋਂ ਬਹਾਲ ਕਰ ਦਿੱਤੀ ਗਈ ਹੈ। ਕੇਂਦਰ ਨੇ ਜੰਮੂ ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ 2019 ’ਚ ਮਨਸੂਖ ਕਰ ਦਿੱਤਾ ਸੀ। -ਪੀਟੀਆਈ