ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜੁਲਾਈ
ਲੁਧਿਆਣਾ ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਅਤੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਕਈ ਸੰਗੀਤ ਅਤੇ ਫਿਲਮੀ ਹਸਤੀਆਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਪੰਜਾਬੀ ਗਾਇਕਾਂ ’ਚ ਗਿੱਪੀ ਗਰੇਵਾਲ, ਮਨੀ ਔਜਲਾ, ਗੁਰਲੇਜ਼ ਅਖਤਰ, ਤਨਿਸ਼ਿਕ ਕੌਰ, ਦਿਲਪ੍ਰੀਤ ਢਿੱਲੋਂ, ਕਮਲ ਖਾਨ, ਖਾਨ ਸਾਬ੍ਹ, ਅਮਰ ਸੈਂਬੀ ਤੋਂ ਇਲਾਵਾ ਪੰਜਾਬੀ ਫਿਲਮ ਜਗਤ ਨਾਲ ਜੁੜੀਆਂ ਸਖ਼ਸ਼ੀਅਤਾਂ ’ਚ ਨਿਰਮਲ ਰਿਸ਼ੀ, ਨੀਰੂ ਬਾਜਵਾ, ਮੁਕੇਸ਼ ਰਿਸ਼ੀ, ਗੱਗੂ ਗਿੱਲ, ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਸਮੇਤ ਹੋਰ ਕਈਆਂ ਨੇ ਲੁਧਿਆਣਾ ਪੁਲੀਸ ਵੱਲੋਂ ਸ਼ੁਰੂ ਕੀਤੀ, ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ।
ਏਡੀਸੀਪੀ ਸਰਾਂ ਨੇ ਦੱਸਿਆ ਕਿ ਸਾਡੇ ਸਮਾਜ ਵਿੱਚ ਨੌਜਵਾਨ ਲੜਕਿਆਂ ਦੇ ਨਾਲ ਨਾਲ ਹੁਣ ਕਈ ਲੜਕੀਆਂ ਵੀ ਨਸ਼ਿਆਂ ਵਿੱਚ ਗ੍ਰਸਤ ਹੋ ਰਹੀਆਂ ਹਨ। ਅਜਿਹੀਆਂ ਲੜਕੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਹਿੱਤ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਆਪਣਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਕਰਨਾ ਇੱਕ ਬਿਮਾਰੀ ਹੈ ਅਤੇ ਇਸ ਨੂੰ ਦੂਰ ਕਰਨ ਲਈ ਨੌਜਵਾਨਾਂ ਨਾਲ ਗੱਲਬਾਤ ਕਰਕੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਕਲਾਕਾਰਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਾਥ ਦੇਣ ਦੀ ਅਪੀਲ ਕੀਤੀ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਕਦੇ ਪੰਜਾਬ ਦੇ ਨੌਜਵਾਨ ਆਪਣੀ ਚੰਗੀ ਸਿਹਤ ਕਰਕੇ ਜਾਣੇ ਜਾਂਦੇ ਸਨ ਪਰ ਅੱਜ ਨਸ਼ਿਆਂ ਨੇ ਸਾਡੀ ਨੌਜਵਾਨੀ ਖਾ ਲਈ ਹੈ। ਉਨ੍ਹਾਂ ਨੇ ਵੀ ਲੁਧਿਆਣਾ ਪੁਲੀਸ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਮੁਹਿੰਮ ਦਾ ਸਮਰਥਨ ਕੀਤਾ ਹੈ।