ਗੁਰੂਗ੍ਰਾਮ, 11 ਫਰਵਰੀ
ਇਥੇ ਅਪਾਰਟਮੈਂਟ ਦੀ ਇਮਾਰਤ ਅੰਸ਼ਕ ਤੌਰ ’ਤੇ ਡਿੱਗਣ ਕਾਰਨ ਮਲਬੇ ’ਚੋਂ ਇਕ ਹੋਰ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਇਸ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪੁਲੀਸ ਨੇ ਚਿੰਤਲਸ ਪੈਰਾਡੀਸੋ ਦੇ ਬਿਲਡਰ ਅਤੇ ਕੰਸਟ੍ਰਕਸ਼ਨ ਠੇਕੇਦਾਰ ਖ਼ਿਲਾਫ਼ ਅਣਗਹਿਲੀ ਦਾ ਕੇਸ ਦਰਜ ਕਰ ਲਿਆ ਹੈ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵਸਨੀਕਾਂ ਨੇ ਕੱਲ ਰਾਤ ਹਾਦਸੇ ਲਈ ਪ੍ਰਦਰਸ਼ਨ ਵੀ ਕੀਤਾ ਸੀ ਜਦਕਿ ਪੁਲੀਸ ਨੇ ਹਾਊਸਿੰਗ ਕੰਪਲੈਕਸ ਦੇ ਗੇਟਾਂ ਨੂੰ ਸੀਲ ਕਰ ਦਿੱਤਾ ਸੀ। ਹਾਦਸੇ ’ਚ ਏਕਤਾ ਭਾਰਦਵਾਜ (31) ਦੀ ਬੀਤੀ ਰਾਤ ਹੀ ਮੌਤ ਹੋ ਗਈ ਸੀ ਜਦਕਿ ਸੁਨੀਤਾ ਸ੍ਰੀਵਾਸਤਵ ਦੀ ਲਾਸ਼ ਅੱਜ ਮਲਬੇ ’ਚੋਂ ਕੱਢੀ ਗਈ। ਸੁਨੀਤਾ ਦੇ ਪਤੀ ਅਰੁਣ ਕੁਮਾਰ ਸ੍ਰੀਵਾਸਤਵ ਨੂੰ ਮਲਬੇ ’ਚੋਂ ਜਿਊਂਦਾ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ ਜੋ ਅਣਗਹਿਲੀ ਦੇ ਦੋਸ਼ਾਂ ਦੀ ਜਾਂਚ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਸੈਕਟਰ 109 ਸਥਿਤ ਚਿੰਤਲਸ ਪੈਰਾਡੀਸੋ ਦੀ ਛੇਵੀਂ ਮੰਜ਼ਿਲ ਦੇ ਅਪਾਰਟਮੈਂਟ ਦੇ ਡਾਇਨਿੰਗ ਕਮਰੇ ਦਾ ਫਰਸ਼ ਧੱਸ ਗਿਆ ਜਿਸ ਕਾਰਨ ਪਹਿਲੀ ਮੰਜ਼ਿਲ ਤੱਕ ਦੀਆਂ ਸਾਰੀਆਂ ਛੱਤਾਂ ਡਿੱਗ ਗਈਆਂ। ਕੌਮੀ ਅਤੇ ਸੂਬਾ ਆਫ਼ਤ ਪ੍ਰਬੰਧਨ ਬਲ ਦੀਆਂ ਟੀਮਾਂ ਨੇ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀ ਸਹਾਇਤਾ ਨਾਲ ਰਾਹਤ ਕਾਰਜ ਚਲਾਏ। ਡੀਸੀ ਨੇ ਕਿਹਾ ਕਿ ਜਦੋਂ ਫਰਸ਼ ਧੱਸਿਆ ਤਾਂ ਛੇਵੀਂ ਮੰਜ਼ਿਲ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਲੋਕ ਸਿਰਫ਼ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਹੀ ਰਹਿ ਰਹੇ ਸਨ। -ਪੀਟੀਆਈ
ਉੱਤਰੀ ਦਿੱਲੀ ਦੇ ਬਵਾਨਾ ਖੇਤਰ ਵਿੱਚ ਇਮਾਰਤ ਡਿੱਗੀ
ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਬਵਾਨਾ ਖੇਤਰ ਵਿੱਚ ਸ਼ੁੱਕਰਵਾਰ ਦੁਪਹਿਰੇ ਇੱਕ ਇਮਾਰਤ ਦੇ ਡਿੱਗ ਗਈ। ਇਸ ਦੇ ਮਲਬੇ ਵਿੱਚੋਂ ਦੋ ਔਰਤਾਂ ਨੂੰ ਕੱਢਿਆ ਗਿਆ ਜਦੋਂਕਿ ਇੱਕ ਹੋਰ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਇਹ ਜਾਣਕਾਰੀ ਪੁਲੀਸ ਵਿਭਾਗ ਨੇ ਦਿੱਤੀ। ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੁਪਹਿਰ 2.48 ਵਜੇ ਮਿਲੀ। ਇਸ ਮਗਰੋਂ ਤਿੰਨ ਚਾਰ ਫਾਇਰ ਟੈਂਡਰ ਘਟਨਾ ਸਥਾਨ ’ਤੇ ਪਹੁੰਚੇ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਜਲ ਬੋਰਡ ਦੇ ਨੇੜੇ ਇੱਕ ਇਮਾਰਤ ਢਹਿ ਗਈ ਹੈ। ਚਾਰ-ਪੰਜ ਵਿਅਕਤੀ ਮਲਬੇ ਵਿੱਚ ਫਸ ਗਏ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੌਕੇ ’ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਜਾਣਕਾਰੀ ਦਿੱਤੀ ਕਿ ਢਹੀ ਹੋਈ ਇਮਾਰਤ ਰਾਜੀਵ ਰਤਨ ਆਵਾਸ ਦਾ ਹਿੱਸਾ ਹੈ। ਇਸ ਵਿੱਚ ਕਰੀਬ 300-400 ਫਲੈਟ ਹਨ। ਉਨ੍ਹਾਂ ਦੱਸਿਆ ਕਿ ਤਿੰਨ ਜੇਸੀਬੀ, ਇੱਕ ਹਾਈਡਰੋ ਮਸ਼ੀਨ ਅਤੇ ਦੋ ਐਂਬੂਲੈਂਸਾਂ ਦੀ ਮਦਦ ਨਾਲ ਮੌਕੇ ’ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਦੋ ਔਰਤਾਂ, ਫਾਤਿਮਾ ਅਤੇ ਸ਼ਹਿਨਾਜ਼ ਨੂੰ ਮਲਬੇ ਹੇਠੋਂ ਕੱਢਿਆ ਗਿਆ ਹੈ। ਉਨ੍ਹਾਂ ਨੂੰ ਐੱਮਬੀ ਹਸਪਤਾਲ ਪੂਠ ਖੁਰਦ ਭੇਜਿਆ ਗਿਆ ਹੈ। ਦੋਵੇਂ ਔਰਤਾਂ ਜੇਜੇ ਕਾਲੋਨੀ ਦੀਆਂ ਰਹਿਣ ਵਾਲੀਆਂ ਹਨ। ਪੁਲੀਸ ਮੁਖੀ ਬਾਹਰੀ ਉੱਤਰ ਬਜੇਂਦਰ ਕੁਮਾਰ ਯਾਦਵ ਨੇ ਕਿਹਾ ਕਿ ਇੱਕ ਹੋਰ ਔਰਤ ਰੂਕਿਆ ਖਾਤੂਲ ਅਤੇ ਸ਼ਹਿਨਾਜ਼ ਦੀ ਧੀ ਅਫਰੀਨਾ (9) ਹੁਣ ਵੀ ਮਲਬੇ ਹੇਠਾਂ ਦੱਬੀਆਂ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਦੋ ਤੋਂ ਤਿੰਨ ਹੋਰ ਵਿਅਕਤੀਆਂ ਦੇ ਮਲਬੇ ਵਿੱਚ ਫਸੇ ਹੋਣ ਦੀ ਉਮੀਦ ਹੈ। ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿੱਚੋਂ ਕੱਢੀਆਂ ਗਈਆਂ ਦੋਵੇਂ ਔਰਤਾਂ ਖਤਰੇ ਤੋਂ ਬਾਹਰ ਹਨ। -ਪੀਟੀਆਈ