ਗੁਹਾਟੀ/ਸਿਲਚਰ, 28 ਜੁਲਾਈ
ਮੁੱਖ ਅੰਸ਼
- ਟਰੱਕਾਂ ਨੂੰ ਮਿਜ਼ੋਰਮ ’ਚ ਦਾਖ਼ਲ ਹੋਣ ਤੋਂ ਰੋਕਿਆ
- ਅਸਾਮ-ਮਿਜ਼ੋਰਮ ਸਰਹੱਦ ’ਤੇ ਤਣਾਅ ਜਾਰੀ
ਅਸਾਮ-ਮਿਜ਼ੋਰਮ ਸਰਹੱਦ ’ਤੇ ਤਣਾਅ ਜਾਰੀ ਹੈ ਪਰ ਸ਼ਾਂਤੀ ਬਣੀ ਹੋਈ ਹੈ। ਅਸਾਮ ਦੀ ਬਰਾਕ ਵੈਲੀ ’ਚ ਬੰਦ ਕਾਰਨ ਟਰੱਕਾਂ ਨੂੰ ਮਿਜ਼ੋਰਮ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਸੰਭਾਵੀ ਹਿੰਸਾ ਦੇ ਖ਼ਦਸ਼ੇ ਕਾਰਨ ਮਿਜ਼ੋਰਮ ’ਚ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਦੋਵੇਂ ਸੂਬਿਆਂ ਦੀ ਹਥਿਆਰਬੰਦ ਪੁਲੀਸ ਸਰਹੱਦ ਨੇੜੇ ਚੌਕਸ ਦਿਖਾਈ ਦਿੱਤੀ। ਉਂਜ ਅਧਿਕਾਰੀਆਂ ਨੇ ਬੁੱਧਵਾਰ ਨੂੰ ਤਸਦੀਕ ਕੀਤੀ ਕਿ ਪੁਲੀਸ ਬਲਾਂ ਨੂੰ ਸਰਹੱਦਾਂ ਤੋਂ ਘੱਟੋ ਘੱਟ 100 ਮੀਟਰ ਪਿਛਾਂਹ ਤਾਇਨਾਤ ਕੀਤਾ ਗਿਆ ਹੈ।
ਅਸਾਮ ਦੀ ਬਰਾਕ ਵੈਲੀ ’ਚ ਬੁੱਧਵਾਰ ਨੂੰ 12 ਘੰਟੇ ਦੇ ਬੰਦ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਸੋਮਵਾਰ ਨੂੰ ਅੰਤਰ-ਰਾਜੀ ਸਰਹੱਦ ’ਤੇ ਝੜਪਾਂ ਦੌਰਾਨ ਛੇ ਪੁਲੀਸ ਕਰਮੀਆਂ ਸਮੇਤ ਸੱਤ ਵਿਅਕਤੀ ਹਲਾਕ ਹੋ ਗਏ ਸਨ। ਬਰਾਕ ਵੈਲੀ ’ਚ ਸਾਰੇ ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਕਚਾਰ, ਹਾਇਲਾਕਾਂਡੀ ਅਤੇ ਕਰੀਮਗੰਜ ਦੇ ਜ਼ਿਲ੍ਹਿਆਂ ’ਚ ਸੜਕਾਂ ’ਤੇ ਵਾਹਨ ਖੜ੍ਹੇ ਰਹੇ। ਬੰਦ ਤੋਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ। ਨੌਰਥਈਸਟ ਫਰੰਟੀਅਰ ਰੇਲਵੇ ਦੇ ਤਰਜਮਾਨ ਨੇ ਕਿਹਾ ਕਿ ਰੇਲ ਸੇਵਾਵਾਂ ’ਤੇ ਵੀ ਕੋਈ ਅਸਰ ਨਹੀਂ ਪਿਆ। ਬੰਦ ਦਾ ਸੱਦਾ ਬਰਾਕ ਡੈਮੋਕਰੈਟਿਕ ਫਰੰਟ (ਬੀਡੀਐੱਫ) ਅਤੇ ਸਿਆਸੀ ਪਾਰਟੀਆਂ ਨੇ ਦਿੱਤਾ ਸੀ। ਜ਼ਿਲ੍ਹੇ ’ਚ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ। ਬੀਡੀਐੱਫ ਦੇ ਮੁੱਖ ਕਨਵੀਨਰ ਪ੍ਰਦੀਪ ਦੱਤਾ ਰੇਅ ਨੇ ਕਿਹਾ ਕਿ ਵਿਵਾਦ ਦਾ ਸਥਾਈ ਹੱਲ ਕੱਢਿਆ ਜਾਣਾ ਚਾਹੀਦਾ ਹੈ ਅਤੇ ਉਹ ਅਜੇ ਹੋਰ ਖ਼ੂਨ ਖ਼ਰਾਬਾ ਨਹੀਂ ਚਾਹੁੰਦੇ ਹਨ। ਹਾਇਲਾਕਾਂਡੀ ਦੀ ਐੱਸਪੀ ਰਮਨਦੀਪ ਕੌਰ ਨੂੰ ਨਿਊ ਕਚਾਰ ਦੀ ਪੁਲੀਸ ਮੁਖੀ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਵੈਭਵ ਚੰਦਰਕਾਂਤ ਨਿੰਬਾਲਕਰ ਦੀ ਥਾਂ ਲਵੇਗੀ ਜੋ ਝੜਪ ਦੌਰਾਨ ਜ਼ਖ਼ਮੀ ਹੋ ਗਏ ਸਨ। -ਪੀਟੀਆਈ