ਰਮੇਸ਼ ਭਾਰਦਵਾਜ
ਲਹਿਰਾਗਾਗਾ , 12 ਜਨਵਰੀ
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਬਿਜਲੀ ਬਿੱਲਾਂ ਦੇ ਬਕਾਏ ਦੇ ਹੱਲ ਸਬੰਧੀ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਦੱਸਿਆ ਕਿ ਪਿੰਡ ਸੰਗਤਪੁਰਾ ਅਤੇ ਗੰਢੂਆਂ ਦੇ ਖੇਤ ਮਜ਼ਦੂਰ ਗਰੀਬ ਪਰਿਵਾਰਾਂ ਨੂੰ ਬਿਜਲੀ ਦੇ ਖੜ੍ਹੇ ਬਕਾਏ ਬਿੱਲਾਂ ਵਿੱਚ ਦੁਬਾਰਾ ਲਾ ਕੇ ਭੇਜੇ ਜਾ ਰਹੇ ਹਨ, ਜਿਸ ਕਰਕੇ ਮਜ਼ਦੂਰ ਪਰਿਵਾਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਚੰਨੀ ਸਰਕਾਰ ਨੇ ਦੋ ਕਿਲੋਵਾਟ ਤੱਕ ਖੜ੍ਹੇ ਬਿੱਲ ਬਕਾਏ 30 ਸਤੰਬਰ ਤੱਕ ਮੁਆਫ਼ ਕਰਨ ਦੀ ਹਦਾਇਤ ਕੀਤੀ ਸੀ, ਜੋ ਪਾਵਰ ਕਾਰਪੋਰੇਸ਼ਨ ਵੱਲੋਂ ਅੱਜ ਤੱਕ ਨਹੀਂ ਕੀਤੇ ਗਏ, ਸਗੋਂ ਇਨ੍ਹਾਂ ਖੜ੍ਹੇ ਬਕਾਇਆਂ ਦੀ ਆੜ ’ਚ ਪਿੰਡਾਂ ’ਚੋਂ ਮੀਟਰ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਬਹੁਤ ਅੰਤਰ ਹੈ, ਜਿਸਦਾ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਇਸ ਲਈ ਉਪਰੋਕਤ ਮਸਲੇ ਨੂੰ ਹੱਲ ਕਰਾਉਣ ਲਈ ਅੱਜ ਮਜ਼ਦੂਰ ਪਰਿਵਾਰ ਲਹਿਰਾਗਾਗਾ ਦੇ ਬਿਜਲੀ ਗਰਿੱਡ ਵਿੱਚ ਐੱਸਡੀਓ ਨੂੰ ਮਿਲਣ ਲਈ ਆਏ ਸੀ, ਜਿੱਥੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿੱਲਾਂ ’ਚ ਖੜ੍ਹੀ ਬਕਾਇਆ ਰਕਮ ਦਾ ਕੋਈ ਹੱਲ ਨਾ ਹੋਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਕੀ ਕਹਿੰਦੇ ਨੇ ਅਧਿਕਾਰੀ
ਉਧਰ ਪਾਵਰਕੌਮ ਦੇ ਸੀਨੀਅਰ ਐੱਸਡੀਓ ਇੰਜ. ਕੁਨਾਲ ਕਾਲੜਾ ਨੇ ਦੱਸਿਆ ਕਿ ਪਾਵਰਕੌਮ ਨੇ ਸੱਤਵੇਂ ਮਹੀਨੇ ਤੱਕ ਦੋ ਕਿਲੋਵਾਟ ਤੱਕ ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਹਨ ਅਤੇ ਅਗਲੇ ਬਿੱਲ ਨਿਯਮ ਅਨੁਸਾਰ ਹੀ ਭੇਜੇ ਜਾ ਰਹੇ ਹਨ।