ਨਵੀਂ ਦਿੱਲੀ, 12 ਜਨਵਰੀ
ਅਫ਼ਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਮੁੱਲ੍ਹਾ ਮੁਹੰਮਦ ਯਾਕੂਬ ਮੁਜਾਹਿਦ ਨੇ ਤਾਜਿਕਸਤਾਨ ਤੇ ਉਜ਼ਬੇਕਿਸਤਾਨ ਨੂੰ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਜਹਾਜ਼ ਤੇ ਹੈਲੀਕਾਪਟਰ ਵਾਪਸ ਲਿਆਂਦੇ ਜਾਣ ਨਹੀਂ ਤਾਂ ਉਹ ਬਲ ਦੀ ਵਰਤੋਂ ਕਰ ਕੇ ਕਾਰਵਾਈ ਕਰਨਗੇ। ਅਫ਼ਗਾਨ ਪਾਇਲਟਾਂ ਤੇ ਅਫ਼ਗਾਨ ਏਅਰ ਫੋਰਸ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਮੁਜਾਹਿਦ ਨੇ ਕਿਹਾ ਕਿ ਜਹਾਜ਼ ਤੇ ਹੈਲੀਕਾਪਟਰ ਅਫ਼ਗਾਨ ਪਾਇਲਟ 15 ਅਗਸਤ ਨੂੰ ਉਡਾ ਕੇ ਗੁਆਂਢੀ ਮੁਲਕਾਂ ਵਿਚ ਲੈ ਗਏ ਸਨ। ਉਨ੍ਹਾਂ ਉਤੇ ਅਫ਼ਗਾਨਿਸਤਾਨ ਦਾ ਹੱਕ ਹੈ ਤੇ ਇਹ ਮੋੜਨੇ ਚਾਹੀਦੇ ਹਨ। ਰੱਖਿਆ ਮੰਤਰੀ ਨੇ ਕਿਹਾ, ‘ਅਸੀਂ ਗੁਆਂਢੀਆਂ ਦੇ ਮੁਕਾਬਲੇ ’ਚ ਕਮਜ਼ੋਰ ਹੋ ਸਕਦੇ ਹਾਂ ਪਰ ਕਾਇਰ ਨਹੀਂ ਹਾਂ। ਆਪਣੇ ਜਹਾਜ਼ਾਂ ਦੇ ਇਕ-ਇਕ ਸਪੇਅਰ ਪਾਰਟ ਦਾ ਵੀ ਅਸੀਂ ਹਿਸਾਬ ਰੱਖਾਂਗੇ। ਮੈਂ ਉਨ੍ਹਾਂ ਨੂੰ ਸਤਿਕਾਰ ਨਾਲ ਜਹਾਜ਼ ਤੇ ਹੈਲੀਕਾਪਟਰ ਮੋੜਨ ਲਈ ਕਹਿੰਦਾ ਹਾਂ ਤੇ ਉਹ ਸਾਡਾ ਧੀਰਜ ਹੋਰ ਨਾ ਪਰਖ਼ਣ। ਤਾਲਿਬਾਨ ਦੇ ਸੰਸਥਾਪਕ ਮੁੱਲ੍ਹਾ ਉਮਰ ਦੇ ਪੁੱਤਰ ਯਾਕੂਬ ਮੁਜਾਹਿਦ ਨੇ ਅਫ਼ਗਾਨ ਏਅਰ ਫੋਰਸ ਦੇ ਸਾਰੇ ਇੰਜਨੀਅਰਾਂ, ਸਟਾਫ਼ ਤੇ ਪਾਇਲਟਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਮੁਲਕ ਨਹੀਂ ਛੱਡਿਆ ਤੇ ਫੋਰਸ ਨੂੰ ਜਿਊਂਦਾ ਰੱਖਿਆ। -ਆਈਏਐਨਐੱਸ