ਨਵੀਂ ਦਿੱਲੀ, 22 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਮਜ਼ਬੂਤ ਬਣਾਉਣ ਦਾ ਚੰਗਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਜਾਪਾਨ ਅਤੇ ਆਸਟਰੇਲੀਆ ਨਾਲ ਵੀ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਅਮਰੀਕਾ ਦੌਰੇ ’ਤੇ ਰਵਾਨਾ ਹੋਣ ਤੋਂ ਕੁਝ ਸਮਾਂ ਪਹਿਲਾਂ ਜਾਰੀ ਬਿਆਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ’ਚ ਸੰਬੋਧਨ ਦੇ ਨਾਲ ਉਹ ਆਪਣਾ ਦੌਰਾ ਸਮਾਪਤ ਕਰਨਗੇ ਜਿਸ ’ਚ ਕੋਵਿਡ-19 ਮਹਾਮਾਰੀ, ਅਤਿਵਾਦ ਦੇ ਟਾਕਰੇ, ਵਾਤਾਵਰਨ ਚੁਣੌਤੀ ਅਤੇ ਹੋਰ ਅਹਿਮ ਮੁੱਦਿਆਂ ਸਮੇਤ ਆਲਮੀ ਚੁਣੌਤੀਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਸ੍ਰੀ ਮੋਦੀ ਨੇ ਅਮਰੀਕਾ ਲਈ ਅੱਜ ਸਵੇਰੇ ਜਹਾਜ਼ ਫੜਿਆ ਅਤੇ ਉਨ੍ਹਾਂ ਦੇ ਦਫ਼ਤਰ ਨੇ ਟਵੀਟ ਕਰਕੇ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਦੀ ਇਕ ਤਸਵੀਰ ਟਵੀਟ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ,‘‘ਮੈਂ 22 ਤੋਂ 25 ਸਤੰਬਰ ਤੱਕ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਦੇ ’ਤੇ ਅਮਰੀਕਾ ਦੌਰੇ ’ਤੇ ਜਾ ਰਿਹਾ ਹਾਂ। ਇਸ ਮੌਕੇ ਮੈਂ ਰਾਸ਼ਟਰਪਤੀ ਬਾਇਡਨ ਨਾਲ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਬਾਰੇ ਨਜ਼ਰਸਾਨੀ ਕਰਾਂਗਾ ਅਤੇ ਦੁਵੱਲੇ ਹਿੱਤਾਂ ਵਾਲੇ ਖੇਤਰੀ ਤੇ ਆਲਮੀ ਮੁੱਦਿਆਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗਾ। ਮੈਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਕਰਾਂਗਾ ਜਿਨ੍ਹਾਂ ਨਾਲ ਸਾਇੰਸ ਅਤੇ ਤਕਨਾਲੋਜੀ ਸਣੇ ਹੋਰ ਖੇਤਰਾਂ ਸਮੇਤ ਦੋਵੇਂ ਮੁਲਕਾਂ ਵਿਚਕਾਰ ਸਹਿਯੋਗ ਦੇ ਮੌਕੇ ਤਲਾਸ਼ੇ ਜਾਣਗੇ।’’ ਸ੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਾਇਡਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਕੁਆਡ ਸੰਮੇਲਨ ’ਚ ਵੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਸਾਲ ਮਾਰਚ ’ਚ ਵਰਚੁਅਲੀ ਹੋਏ ਕੁਆਡ ਸੰਮੇਲਨ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ’ਚ ਸਾਂਝੇ ਕੀਤੇ ਗਏ ਵਿਚਾਰਾਂ ਦੇ ਸਿੱਟਿਆਂ ਦਾ ਜਾਇਜ਼ਾ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ 24 ਸਤੰਬਰ ਨੂੰ ਵਾਸ਼ਿੰਗਟਨ ’ਚ ਹੋਣ ਵਾਲੀ ਆਹਮੋ-ਸਾਹਮਣੇ ਦੀ ਬੈਠਕ ਦੌਰਾਨ ਅਫ਼ਗਾਨ ਸੰਕਟ, ਚੀਨ ਦਾ ਵਧਦਾ ਹਮਲਾਵਰ ਰੁਖ, ਕੱਟੜਵਾਦ ਅਤੇ ਸਰਹੱਦ ਪਾਰੋਂ ਅਤਿਵਾਦ ਸਮੇਤ ਹੋਰ ਮੁੱਦੇ ਵਿਚਾਰੇ ਜਾਣਗੇ। -ਪੀਟੀਆਈ
ਅਫ਼ਗਾਨਿਸਤਾਨ ਵਿੱਚ ਵਾਪਰੇ ਘਟਨਾਕ੍ਰਮ ਬਾਰੇ ਵੀ ਹੋਵੇਗਾ ਵਿਚਾਰ-ਵਟਾਂਦਰਾ
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸ੍ਰੀ ਮੋਦੀ ਅਤੇ ਬਾਇਡਨ ਵਿਚਕਾਰ ਦੁਵੱਲੀ ਵਾਰਤਾ ਦੌਰਾਨ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਰਾਸ਼ਟਰਪਤੀ ਬਾਇਡਨ ਦੀ ਮੇਜ਼ਬਾਨੀ ’ਚ ਹੋ ਰਹੇ ਕੋਵਿਡ-19 ਆਲਮੀ ਸੰਮੇਲਨ ’ਚ ਵੀ ਹਿੱਸਾ ਲੈਣਗੇ। ਵਾਸ਼ਿੰਗਟਨ ’ਚ ਬੈਠਕਾਂ ਤੋਂ ਬਾਅਦ ਸ੍ਰੀ ਮੋਦੀ 24 ਸਤੰਬਰ ਦੀ ਸ਼ਾਮ ਨਿਊਯਾਰਕ ਜਾਣਗੇ ਅਤੇ ਅਗਲੇ ਦਿਨ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਇਜਲਾਸ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਕਈ ਅਮਰੀਕੀ ਕੰਪਨੀਆਂ ਦੇ ਸਿਖਰਲੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।