ਚਰਨਜੀਤ ਸਿੰਘ ਢਿੱਲੋਂ
ਜਗਰਾਉਂ,12 ਜਨਵਰੀ
ਬੀਤੀ ਦੇਰ ਰਾਤ ਨੂੰ ਥਾਣਾ ਸਿੱਧਵਾਂ ਬੇਟ ਦੇ ਪਿੰਡ ਗੋਰਸੀਆਂ ਕੋਲ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ । ਥਾਣਾ ਸਿੱਧਵਾਂ ਬੇਟ ਦੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਸਿੱਧਵਾਂ ਖੁਰਦ ਦਾ ਨੌਜਵਾਨ ਚਮਕੌਰ ਖਾਨ ਭੂੰਦੜੀ ਦੀ ਸਿਵੀਆ ਬੱਸ ਸਰਵਿਸ ’ਤੇ ਕੰਡਕਟਰ ਸੀ। ਬੀਤੇ ਕੱਲ ਦੇਰ ਸ਼ਾਮ ਨੂੰ ਰਸਤੇ ਵਿੱਚ ਬੱਸ ਦੀ ਸੈਲਫ ਖਰਾਬ ਹੋ ਗਈ। ਜਿਸ ਨੂੰ ਠੀਕ ਕਰਵਾਉਣ ਲਈ ਉਹ ਮੋਟਰਸਾਈਕਲ ’ਤੇ ਜਗਰਾਉਂ ਮਲਕ ਚੌਕ ਤੋਂ ਮਕੈਨਿਕ ਕੁਲਵਿੰਦਰ ਸਿੰਘ ਪੀਤਾ ਨੂੰ ਲੈ ਕੇ ਗਿਆ। ਦੇਰ ਰਾਤ ਨੂੰ ਸੈਲਫ ਠੀਕ ਕਰਕੇ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਕਿਸੇ ਅਣਪਛਾਤੇ ਵਾਹਨ ਨੇ ਧੁੰਦ ਹੋਣ ਕਾਰਨ ਟੱਕਰ ਮਾਰ ਦਿੱਤੀ । ਵਾਹਨ ਮੌਕੇ ਤੋਂ ਨਿਕਲ ਗਿਆ । ਪਿੰਡ ਦੇ ਲੋਕਾਂ ਅਤੇ ਰਾਹਗੀਰਾਂ ਨੇ ਦੇਖਿਆ ਤਾਂ ਚਮਕੌਰ ਖਾਨ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ,ਪਰ ਕੁਲਵਿੰਦਰ ਸਿੰਘ ਪੀਤਾ ਦੇ ਸਾਹ ਚੱਲ ਰਹੇ ਸਨ । ਦੋਵਾਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਦਾ ਗਿਆ । ਜਿੱਥੇ ਕੁਲਵਿੰਦਰ ਸਿੰਘ ਪੀਤਾ ਨੂੰ ਡਾਕਟਰਾਂ ਨੇ ਲੁਧਿਆਣੇ ਰੈਫਰ ਕਰ ਦਿੱਤਾ । ਪਰ ਰਸਤੇ ਵਿੱਚ ਹੀ ਉਹ ਵੀ ਦਮ ਤੋੜ ਗਿਆ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਏਐੱਸਆਈ ਕੁਲਦੀਪ ਸਿੰਘ ਅਤੇ ਦੋਵਾਂ ਦੇ ਸਨੇਹੀਆਂ ਨੇ ਰਸਤੇ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ਼ ਤੋਂ ਕਾਫੀ ਸੁਰਾਗ ਹੱਥ ਲੱਗਣ ਦੀ ਪੁਸ਼ਟੀ ਕੀਤੀ ਹੈ ।