ਪੱਤਰ ਪ੍ਰੇਰਕ
ਚੇਤਨਪੁਰਾ, 23 ਜੂਨ
ਇਥੇ ਲਾਹੌਰ ਬ੍ਰਾਂਚ ਨਹਿਰ ਪਿੰਡ ਜਗਦੇਵ ਕਲਾਂ ਵਿੱਚ ਨਹਾਉਣ ਆਇਆ ਇਕ ਲੜਕਾ ਡੁੱਬ ਗਿਆ। ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ (15) ਪੁੱਤਰ ਜਗੀਰ ਸਿੰਘ ਵਾਸੀ ਨੌਸ਼ਹਿਰਾ ਕਲਾਂ ਆਪਣੇ ਦੋਸਤਾਂ ਨਾਲ ਪਿੰਡ ਖਤਰਾਏ ਕਲਾਂ ’ਚ ਸਥਿਤ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ’ਤੇ ਮੇਲਾ ਵੇਖਣ ਆਇਆ ਸੀ। ਅਤਿ ਦੀ ਗਰਮੀ ਦੇ ਚਲਦਿਆਂ ਰਸਤੇ ਵਿਚ ਵਗਦੀ ਲਾਹੌਰ ਬ੍ਰਾਂਚ ਨਹਿਰ ਵਿੱਚ ਉਸ ਨੇ ਨਹਾਉਣ ਲਈ ਪੋਲ ਉੱਤੋਂ ਛਾਲ ਮਾਰ ਦਿੱਤੀ ਅਤੇ ਛਾਲ ਮਾਰਨ ਤੋਂ ਬਾਅਦ ਉਹ ਉੱਪਰ ਨਹੀਂ ਆਇਆ। ਲੜਕੇ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋਏ। ਖ਼ਬਰ ਲਿਖੇ ਜਾਣ ਤਕ ਗੋਤਾਖੋਰਾਂ ਵੱਲੋਂ ਡੁੱਬੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ। ਡੀਐੱਸਪੀ ਜਸਵੀਰ ਸਿੰਘ ਅਤੇ ਥਾਣਾ ਰਾਜਾਸਾਂਸੀ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦਾ ਪਤਾ ਲਗਾ ਲਿਆ ਜਾਵੇਗਾ।