ਨਵੀਂ ਦਿੱਲੀ, 26 ਅਪਰੈਲ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਯੂਕਰੇਨ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਦੀ ਹੋ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਅੱਜ ਕਿਹਾ ਕਿ ਪੱਛਮੀ ਤਾਕਤਾਂ ਏਸ਼ੀਆ ਨੂੰ ਦਰਪੇਸ਼ ਚੁਣੌਤੀਆਂ, ਜਿਨ੍ਹਾਂ ਵਿੱਚ ਅਫ਼ਗ਼ਾਨਿਸਤਾਨ ’ਚ ਪਿਛਲੇ ਸਾਲ ਵਾਪਰਿਆ ਘਟਨਾਕ੍ਰਮ ਤੇ ਖਿੱਤੇ ਵਿੱਚ ਨੇਮ ਆਧਾਰਿਤ ਹੁਕਮਾਂ ਲਈ ਲਗਾਤਾਰ ਵਧ ਰਿਹਾ ਦਬਾਅ ਸ਼ਾਮਲ ਹੈ, ਬਾਰੇ ਅਣਜਾਣ ਬਣੀਆਂ ਹੋਈਆਂ ਹਨ। ਰਾਇਸੀਨਾ ਸੰਵਾਦ ਦੇ ਰੂਬਰੂ ਸੈਸ਼ਨ ਵਿੱਚ ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਸੰਕਟ ਯੂਰੋਪ ਲਈ ‘ਨੀਂਦ ’ਚੋਂ ਜਾਗਣ’ ਦਾ ਸੱਦਾ ਤੇ ਝਾਤੀ ਮਾਰਨ ਦਾ ਵੇਲਾ ਹੈ ਕਿ ਏਸ਼ੀਆ ਵਿੱਚ ਕੀ ਕੁਝ ਹੋ ਰਿਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ (ਏਸ਼ੀਆ) ਵਿਸ਼ਵ ਦਾ ਇਹ ‘ਸੌਖਾ ਹਿੱਸਾ’ ਨਹੀਂ ਰਿਹਾ ਹੈ। ਨਾਰਵੇ ਦੇ ਆਪਣੇ ਹਮਰੁਤਬਾ ਐਨੀਕੇਨ ਹਿਊਟਫੈਲਟ ਵੱਲੋਂ ਯੂਕਰੇਨ ਹਾਲਾਤ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਵੱਲੋਂ ਜੰਗਬੰਦੀ ਲਈ ਲਗਾਤਾਰ ਦਬਾਅ ਬਣਾਉਣ ਦੇ ਨਾਲ ਕੂਟਨੀਤੀ ਤੇ ਸੰਵਾਦ ਦੇ ਰਾਹ ’ਤੇ ਪਰਤਣ ਦੀ ਵਕਾਲਤ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਜਿੱਥੋਂ ਤੱਕ ਯੂਕਰੇਨ ਵਿੱਚ ਜਾਰੀ ਟਕਰਾਅ ਦੀ ਗੱਲ ਹੈ, ਸਾਡੀ ਪੁਜ਼ੀਸ਼ਨ ਸਾਫ਼ ਤੇ ਸਪੱਸ਼ਟ ਹੈ। ਅਸੀਂ ਜੰਗ ਨੂੰ ਫੌਰੀ ਰੋਕਣ ਲਈ ਜ਼ੋਰ ਪਾਇਆ, ਇਕ ਦੂਜੇ ਦੇ ਮੁਲਕ ਦੀ ਪ੍ਰਭੂਸੱਤਾ ਤੇ ਅਖੰਡਤਾ ਦੇ ਸਤਿਕਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਕੂਟਨੀਤੀ ਤੇ ਸੰਵਾਦ ਦੇ ਰਾਹ ਪੈਣ ਦੀ ਅਪੀਲ ਕੀਤੀ।’’ ਜੈਸ਼ੰਕਰ ਨੇ ਕਿਹਾ, ‘‘ਤੁਸੀਂ ਯੂਕਰੇਨ ਬਾਰੇ ਗੱਲ ਕਰਦੇ ਹੋ। ਮੈਨੂੰ ਯਾਦ ਹੈ, ਸਾਲ ਤੋਂ ਵੀ ਘੱਟ ਸਮਾਂ ਪਹਿਲਾਂ, ਅਫ਼ਗ਼ਾਨਿਸਤਾਨ ਵਿੱਚ ਕੀ ਕੁਝ ਹੋਇਆ, ਜਿੱਥੇ ਪੂਰੇ ਸਭਿਅਕ ਸਮਾਜ ਨੂੰ ਬੱਸ ਹੇਠਾਂ ਸੁੱਟ ਦਿੱਤਾ ਸੀ।’’ ਉਨ੍ਹਾਂ ਕਿਹਾ, ‘‘ਮੈਂ ਬੜੀ ਇਮਾਨਦਾਰੀ ਨਾਲ ਕਹਿਣਾ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਨਿਸ਼ਚੇ ਤੇ ਹਿੱਤਾਂ ਵਿੱਚ ਸਹੀ ਤਵਾਜ਼ਨ ਲੱਭਣਾ ਹੋਵੇਗਾ। -ਪੀਟੀਆਈ