ਹਰਜੀਤ ਸਿੰਘ
ਡੇਰਾਬੱਸੀ, 27 ਜੂਨ
ਆਬਕਾਰੀ ਵਿਭਾਗ ਨੇ ਪੁਲੀਸ ਦੇ ਸਹਿਯੋਗ ਨਾਲ ਸ਼ਰਾਬ ਦੀਆਂ ਬੋਤਲਾਂ ਦੇ ਨਾਜਾਇਜ਼ ਢੱਕਣ ਬਣਾਉਣ ਵਾਲੀ ਇੱਕ ਫੈਕਟਰੀ ਫੜੀ ਹੈ। ਵਿਭਾਗ ਦੇ ਅਧਿਕਾਰੀਆਂ ਨੇ ਬਰਵਾਲਾ ਰੋਡ ’ਤੇ ਸਥਿਤ ਹੰਸਾ ਉਦਯੋਗਿਕ ਪਾਰਕ ਵਿੱਚ ਚੱਲ ਰਹੀ ਫੈਕਟਰੀ ਵਿੱਚੋਂ ਤਕਰੀਬਨ ਦੋ ਲੱਖ ਤੋਂ ਨਾਜਾਇਜ਼ ਢੱਕਣ ਫੜੇ ਹਨ। ਆਬਕਾਰੀ ਵਿਭਾਗ ਨੇ ਦੱਸਿਆ ਕਿ ਇਸ ਫੈਕਟਰੀ ਦੇ ਤਾਰ ਪੰਜਾਬ ਸਮੇਤ ਹੋਰਨਾਂ ਵੱਖ ਵੱਖ ਸੂਬਿਆਂ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਨਾਲ ਤਾਰ ਜੁੜੇ ਹਨ। ਪੁਲੀਸ ਨੇ ਫੈਕਟਰੀ ਦੇ ਮਾਲਕ ਸਮ੍ਰਿਤਪਾਲ ਸਿੰਘ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬਰਵਾਲਾ ਰੋਡ ’ਤੇ ਸਥਿਤ ਹੰਸਾ ਉਦਯੋਗਿਕ ਪਾਰਕ ਦੇ ਪਲਾਟ ਨੰਬਰ 235 ਵਿੱਚ ਸਿਆ ਇੰਡਸਟਰੀ ਦੇ ਨਾਂ ਹੇਠ ਨਾਜਾਇਜ਼ ਤੌਰ ’ਤੇ ਸ਼ਰਾਬ ਦੇ ਢੱਕਣ ਬਣਾਏ ਜਾਂਦੇ ਹਨ ਜੋ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਨੂੰ ਵੇਚੇ ਜਾਂਦੇ ਹਨ। ਸੂਚਨਾ ਦੇ ਆਧਾਰ ’ਤੇ ਪੁਲੀਸ ਦੀ ਟੀਮ ਨਾਲ ਛਾਪਾ ਮਾਰਿਆ ਗਿਆ ਜਿੱਥੇ ਫੈਕਟਰੀ ਮਾਲਕ ਕੋਈ ਵੀ ਅਜਿਹੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਜਿਸ ਨਾਲ ਉਹ ਢੱਕਣ ਬਣਾਉਣ ਲਈ ਕੋਈ ਮਨਜ਼ੂਰਸ਼ੁਦਾ ਬੌਟਲਿੰਗ ਪਲਾਂਟ ਦਾ ਆਰਡਰ ਦਿਖਾ ਸਕੇ। ਪੁਲੀਸ ਨੇ ਫੈਕਟਰੀ ਦੇ ਮਾਲਕ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।
ਵਿਭਾਗ ਵੱਲੋਂ ਫੈਕਟਰੀ ਦਾ ਸਾਰਾ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲੀਸ ਨੇ ਗ੍ਰਿਫ਼ਤਾਰ ਫੈਕਟਰੀ ਮਾਲਕ ਸਮ੍ਰਿਤਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਇੱਕ ਦਿਨਾਂ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ।