ਪਵਨ ਕੁਮਾਰ ਵਰਮਾ
ਧੂਰੀ, 25 ਮਈ
ਫਿਲਮ ਅਦਾਕਾਰ ਬੀਨੂੰ ਢਿੱਲੋਂ ਦੇ ਪਿਤਾ ਹਰਬੰਸ ਸਿੰਘ ਢਿੱਲੋਂ ਦਾ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਅੱਜ ਰਾਮਬਾਗ਼ ਧੂਰੀ ਵਿੱਚ ਸਾਹਿਤਕਾਰ ਤੇ ਚਿੱਤਰਕਾਰ ਹਰਬੰਸ ਸਿੰਘ ਢਿੱਲੋਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਬੀਨੂੰ ਢਿੱਲੋਂ ਅਤੇ ਪਰਿਵਾਰਕ ਮੈਂਬਰਾਂ ਨੇ ਦਿਖਾਈ। ਸਾਲ 1937 ਵਿੱਚ ਜਨਮੇ ਹਰਬੰਸ ਸਿੰਘ ਢਿੱਲੋਂ 1995 ਵਿੱਚ ਬਿਜਲੀ ਬੋਰਡ ਵਿੱਚੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੀ ਵਾਰਤਕ ਲੇਖਣ ਕਲਾ ਤੇ ਚਿੱਤਰ ਕਲਾ ਕਮਾਲ ਦੀ ਸੀ। ਖ਼ਾਸ ਕਰ ਕੇ 1947 ਦੀ ਵੰਡ ਨਾਲ ਸਬੰਧਿਤ ਉਨ੍ਹਾਂ ਬਹੁਤ ਹੀ ਭਾਵਪੂਰਤ ਲੇਖ ਲਿਖੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋਈ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰਬੰਸ ਸਿੰਘ ਢਿੱਲੋਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੀਨੂੰ ਢਿੱਲੋਂ ਅਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਅੱਜ ਸਸਕਾਰ ਮੌਕੇ ਏਪੀ ਸੌਲਵੈਕਸ ਦੇ ਸੀਐੱਮਡੀ ਡਾ. ਏ ਆਰ ਸ਼ਰਮਾ, ਪ੍ਰਸ਼ੋਤਮ ਕਾਲਾ, ਸੇਵਾਮੁਕਤ ਇਨਕਮ ਟੈਕਸ ਕਮਿਸ਼ਨਰ ਹਰਜੀਤ ਸਿੰਘ ਸੋਹੀ, ਜਤਿੰਦਰ ਸਿੰਘ ਸੋਨੀ ਮੰਡੇਰ, ‘ਆਪ’ ਦੇ ਦਲਵੀਰ ਸਿੰਘ ਢਿੱਲੋਂ, ਸਾਹਿਤ ਸਭਾ ਧੂਰੀ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ ਤੇ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ, ਮਾਲਵਾ ਫਰੈਂਡਜ਼ ਵੈੱਲਫੇਅਰ ਸੁਸਾਇਟੀ (ਪਰਿਵਰਤਨ) ਦੇ ਗੁਰਪ੍ਰੀਤ ਸਿੰਘ ਬਾਠ, ਫਿਲਮੀ ਅਦਾਕਾਰ ਕਰਮਜੀਤ ਅਨਮੋਲ, ਸਰਦਾਰ ਸੋਹੀ, ਗਿੱਪੀ ਗਰੇਵਾਲ, ਦੇਵ ਖਰੌੜ, ਨਗਰ ਕੌਂਸਲ ਧੂਰੀ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਤੇ ਪੱਤਰਕਾਰ ਮੌਜੂਦ ਸਨ।