ਜਗਮੋਹਨ ਸਿੰਘ
ਰੂਪਨਗਰ/ਘਨੌਲੀ, 26 ਅਪਰੈਲ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ਦਾ ਮਾਮਲਾ ਦਿਨੋਂ-ਦਿਨ ਭਖਦਾ ਜਾ ਰਿਹਾ ਹੈ। ਦਬੁਰਜੀ ਨੇੜਲੇ ਪਿੰਡਾਂ ਦੇ ਕੁਝ ਵਸਨੀਕਾਂ ਨੇ ਸੁਆਹ ਚੁੱਕਣ ਲਈ ਵਿਸ਼ੇਸ਼ ਕਿਸਮ ਦੀਆਂ ਡਿਜ਼ਾਇਨ ਕੀਤੀਆਂ ਗਈਆਂ ਗੱਡੀਆਂ ਦੇ ਇਸਤੇਮਾਲ ਦੀ ਮੰਗ ਕਰਦੇ ਹੋਏ ਝੀਲਾਂ ਦੇ ਨੇੜੇ ਟੈਂਟ ਲਗਾ ਕੇ ਪੱਕਾ ਧਰਨਾ ਸ਼ੁਰੂ ਕਰਕੇ ਗੱਡੀਆਂ ਨੂੰ ਰੋਕਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਮਸਲੇ ਦਾ ਹੱਲ ਹੋਣ ਦਾ ਇੰਤਜ਼ਾਰ ਕਰ ਰਹੇ ਟਰਾਂਸਪੋਰਟਰਾਂ ਤੇ ਠੇਕੇਦਾਰਾਂ ਨੇ ਵੀ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲਈ ਹੈ।
ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਰੂਪਨਗਰ ਨੂੰ ਅੱਜ ਦਿੱਤੇ ਗਏ ਮੰਗ ਪੱਤਰ ਰਾਹੀਂ ਦਿਨੇਸ਼ ਸ਼ਰਮਾ, ਸਰਪੰਚ ਰਾਜੇਸ਼ ਬਹਿਕੀ, ਪਰਮਜੀਤ ਸਿੰਘ, ਦਵਿੰਦਰ ਸਿੰਘ, ਜਸਵਿੰਦਰਪਾਲ ਸਿੰਘ, ਸੰਜੀਵ ਕੁਮਾਰ, ਰਾਕੇਸ਼ ਕੁਮਾਰ, ਗੁਰਭਾਗ ਸਿੰਘ ਆਦਿ ਨੇ ਦੱਸਿਆ ਕਿ ਉਹ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਮਨਜ਼ੂਰੀ ਲੈ ਕੇ ਸੜਕਾਂ ਜਾਂ ਹੋਰ ਪ੍ਰੋਜੈਕਟਾਂ ਲਈ ਸੁਆਹ ਦੀ ਸਪਲਾਈ ਕਰਦੇ ਹਨ ਅਤੇ ਭੱਠਿਆਂ ਵਿੱਚ ਇੱਟਾਂ ਬਣਾਉਣ ਲਈ ਵੀ ਇਸ ਸੁਆਹ ਦਾ ਇਸਤੇਮਾਲ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਨਾ ਮਿਲਣ ਕਾਰਨ ਜ਼ਿਆਦਾਤਰ ਲੋਕਾਂ ਵੱਲੋਂ ਵੀ ਭਰਤ ਵਗੈਰਾ ਪਾਉਣ ਲਈ ਵੀ ਇਸ ਸੁਆਹ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸੁਆਹ ਦੀ ਢੋਆ-ਢੁਆਈ ਵੇਲੇ ਟਿੱਪਰਾਂ ਨੂੰ ਚੰਗੀ ਤਰ੍ਹਾਂ ਤਿਰਪਾਲਾਂ ਨਾਲ ਢੱਕਿਆ ਜਾਂਦਾ ਹੈ ਤਾਂ ਕਿ ਰਸਤੇ ਵਿੱਚ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁੱਝ ਦਿਨਾਂ ਤੋਂ ਪਿੰਡ ਦਬੁਰਜੀ ਨੇੜਲੇ ਕੁਝ ਪਿੰਡਾਂ ਦੇ ਵਸਨੀਕ ਉਨ੍ਹਾਂ ਦੇ ਟਿੱਪਰਾਂ ਨੂੰ ਗੈਰਕਾਨੂੰਨੀ ਢੰਗ ਨਾਲ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਭਰਨ ਲਈ ਦਾਖਲ ਹੋਣ ਤੋਂ ਜਬਰਦਸਤੀ ਰੋਕ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਵਿਅਕਤੀਆਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਮਸਲਾ ਦੋ ਦਿਨਾਂ ਦੇ ਅੰਦਰ ਹੱਲ ਨਾ ਕੀਤਾ ਗਿਆ ਤਾਂ ਉਹ ਕੌਮੀ ਮਾਰਗ ਜਾਮ ਕਰਨਗੇ।