ਕੇ.ਪੀ ਸਿੰਘ
ਗੁਰਦਾਸਪੁਰ, 12 ਫਰਵਰੀ
ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਕਸਬਾ ਪੁਰਾਣਾ ਸ਼ਾਲਾ ਵਿਚ ਅੱਜ ਭਾਜਪਾ ਉਮੀਦਵਾਰ ਰੇਣੂ ਕਸ਼ਯਪ ਦੇ ਚੋਣ ਪ੍ਰਚਾਰ ਲਈ ਪਹੁੰਚੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਅਤੇ ਸੀਨੀਅਰ ਭਾਜਪਾ ਆਗੂਆਂ ਦਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਨੇ ਵੀ ਕਿਸਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨੌਬਤ ਹੱਥੋਪਾਈ ਤੱਕ ਪਹੁੰਚਣ ’ਤੇ ਪੁਲੀਸ ਅਤੇ ਸੁਰੱਖਿਆ ਬਲਾਂ ਨੇ ਦਖ਼ਲ ਦੇ ਕੇ ਵੱਡਾ ਟਕਰਾਅ ਹੋਣ ਤੋਂ ਰੋਕਿਆ।
ਇਸ ਮੌਕੇ ਕਿਸਾਨ ਆਗੂ ਬੀਬੀ ਦਵਿੰਦਰ ਕੌਰ, ਡਾ. ਦਲਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਕਿਸਾਨ ਅਤੇ ਆਮ ਲੋਕਾਂ ਦੀ ਵਿਰੋਧੀ ਪਾਰਟੀ ਹੈ। ਇਸ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੋਣਾਂ ਵਿਚ ਵੀ ਭਾਜਪਾ ਦਾ ਵਿਰੋਧ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ’ਚ ਜਿੱਥੇ ਵੀ ਭਾਜਪਾ ਦਾ ਕੋਈ ਚੋਣ ਪ੍ਰੋਗਰਾਮ ਹੋਵੇਗਾ, ਉਥੇ ਇਸੇ ਤਰ੍ਹਾਂ ਹੀ ਵਿਰੋਧ ਹੁੰਦਾ ਰਹੇਗਾ। ਦੂਜੇ ਪਾਸੇ ਭਾਜਪਾ ਆਗੂ ਮੁਲਖਰਾਜ ਅਤੇ ਜੋਗਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਵਿਰੋਧ ਕਿਸਾਨਾਂ ਵੱਲੋਂ ਨਹੀਂ ਸਗੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ‘ਗੁੰਡਾ ਅਨਸਰਾਂ’ ਵੱਲੋਂ ਕੀਤਾ ਗਿਆ ਹੈ। ਪ ੰਜਾਬ ਵਿੱਚ ਭਾਜਪਾ ਦੀ ਚੜ੍ਹਤ ਵੇਖ ਕੇ ਕਾਂਗਰਸ ਅਤੇ ਅਕਾਲੀ ਦਲ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।