ਰੂਸ ਦੀ ਖ਼ੁਫ਼ੀਆ ਏਜੰਸੀ ਫੈਡਰਲ ਸਕਿਉਰਿਟੀ ਸਰਵਿਸ (ਐੱਫਐੱਸਬੀ) ਨੇ ਇਸਲਾਮਿਕ ਸਟੇਟ ਦੇ ਇਕ ਦਹਿਸ਼ਤਗਰਦ ਨੂੰ ਹਿਰਾਸਤ ਵਿਚ ਲਿਆ ਹੈ। ਏਜੰਸੀ ਦਾ ਦਾਅਵਾ ਹੈ ਕਿ ਇਹ ਦਹਿਸ਼ਤਗਰਦ ਪੈਗੰਬਰ ਹਜ਼ਰਤ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਭਾਰਤੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਵਿਚ ਸ਼ਾਮਲ ਸੀ। ਸਰਕਾਰੀ ਖ਼ਬਰ ਏਜੰਸੀ ‘ਤਾਸ’ ਨੇ ਐੱਫਐੱਸਬੀ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਦਹਿਸ਼ਤਗਰਦ ਨੂੰ ਫ਼ਿਦਾਈਨ ਵਜੋਂ ਤਿਆਰ ਕੀਤਾ ਗਿਆ ਸੀ ਅਤੇ ਇਸਲਾਮਿਕ ਸਟੇਟ ਦੇ ਇਕ ਪ੍ਰਮੁੱਖ ਆਗੂ ਨੇ ਤੁਰਕੀ ਵਿਚ ਉਸ ਨੂੰ ਇਸ ਸਾਲ ਅਪਰੈਲ ਤੋਂ ਜੂਨ ਦਰਮਿਆਨ ਸਿਖਲਾਈ ਦਿੱਤੀ।
ਕਿਸੇ ਵੀ ਧਰਮ ਨਾਲ ਸਬੰਧਿਤ ਕੱਟੜਪੰਥੀਆਂ ਦੀਆਂ ਦੂਸਰੇ ਧਰਮਾਂ ਅਤੇ ਉਨ੍ਹਾਂ ਦੇ ਆਗੂਆਂ ਬਾਰੇ ਕੀਤੀਆਂ ਟਿੱਪਣੀਆਂ ਅਜਿਹਾ ਸਿਲਸਿਲਾ ਸ਼ੁਰੂ ਕਰ ਦਿੰਦੀਆਂ ਹਨ ਜਿਨ੍ਹਾਂ ਨਾਲ ਧਾਰਮਿਕ ਕੱਟੜਤਾ ਵਧਦੀ ਹੈ। ਬਹੁਤੇ ਦੇਸ਼ਾਂ ਵਿਚ ਧਾਰਮਿਕ ਫ਼ਿਰਕੇ ਅਜਿਹੇ ਸਮਾਜਾਂ ਵਿਚ ਤਬਦੀਲ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਬਰਦਾਸ਼ਤ ਨਹੀਂ ਕਰਦੇ। ਟਿੱਪਣੀਆਂ ਜਾਂ ਵਿਚਾਰਾਂ ਦਾ ਜਵਾਬ ਤਰਕਸ਼ੀਲ ਟਿੱਪਣੀਆਂ ਰਾਹੀਂ ਦੇਣ ਦੀ ਥਾਂ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਬਹੁਤੀ ਵਾਰ ਕੱਟੜਪੰਥੀ ਦੂਸਰੇ ਧਰਮਾਂ ਬਾਰੇ ਅਜਿਹੀਆਂ ਟਿੱਪਣੀਆਂ ਜਾਣ-ਬੁੱਝ ਕੇ ਵੀ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਤੋਂ ਸਿਆਸੀ ਲਾਹਾ ਅਤੇ ਪ੍ਰਸਿੱਧੀ ਮਿਲਦੀ ਹੈ। ਭਾਰਤ ਵਿਚ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦੁਆਰਾ ਅਜਿਹੀ ਟਿੱਪਣੀ ਕਰਨ ਤੋਂ ਬਾਅਦ ਪਾਰਟੀ ਦੇ ਦਿੱਲੀ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ ਨੇ ਉਸ ਦੀ ਹਮਾਇਤ ਕੀਤੀ ਸੀ। ਭਾਜਪਾ ਨੇ ਜਿੰਦਲ ਨੂੰ ਪਾਰਟੀ ’ਚੋਂ ਕੱਢ ਦਿੱਤਾ ਜਦੋਂਕਿ ਨੂਪੁਰ ਨੂੰ ਮੁਅੱਤਲ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਭਾਵੇਂ ਨੂਪੁਰ ਦੁਆਰਾ ਅਜਿਹੀ ਟਿੱਪਣੀ ਕਰਨ ਬਾਰੇ ਬਹੁਤ ਸਖ਼ਤ ਸ਼ਬਦ ਕਹੇ ਹਨ ਪਰ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਤਿਲੰਗਾਨਾ ਵਿਚ ਭਾਜਪਾ ਆਗੂਆਂ ਨੇ ਫਿਰ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ। ਮੰਗਲਵਾਰ ਭਾਜਪਾ ਨੇ ਇਸ ਸਬੰਧ ਵਿਚ ਆਪਣੇ ਵਿਧਾਇਕ ਟੀ. ਰਾਜਾ ਸਿੰਘ ਨੂੰ ਪਾਰਟੀ ’ਚੋਂ ਮੁਅੱਤਲ ਕਰਨ ਤੋਂ ਬਾਅਦ ਉਸ ਦੁਆਰਾ ਕੀਤੀ ਗਈ ਟਿੱਪਣੀ ਬਾਰੇ ਦਸ ਦਿਨਾਂ ਵਿਚ ਜਵਾਬ ਮੰਗਿਆ ਹੈ। ਰਾਜਾ ਸਿੰਘ ਨੇ ਹਾਸਰਸ ਕਲਾਕਾਰ ਮੁਨੱਵਰ ਫਾਰੂਕੀ ਬਾਰੇ ਜਾਰੀ ਕੀਤੀ ਵੀਡੀਓ ਵਿਚ ਅਜਿਹੀ ਟਿੱਪਣੀ ਕੀਤੀ ਸੀ ਅਤੇ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਜਥੇਬੰਦੀਆਂ ਨੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਪਾਰਟੀ ਦੇ ਵੱਖ ਵੱਖ ਪੱਧਰ ਦੇ ਆਗੂ ਵਾਰ ਵਾਰ ਅਜਿਹੀਆਂ ਟਿੱਪਣੀਆਂ ਕਿਉਂ ਕਰਦੇ ਹਨ।
ਨੂਪੁਰ ਸ਼ਰਮਾ ਦੀਆਂ ਟਿੱਪਣੀਆਂ ਤੋਂ ਬਾਅਦ ਦੋ ਵਿਅਕਤੀਆਂ ਜਿਨ੍ਹਾਂ ਨੇ ਉਸ ਦੀ ਹਮਾਇਤ ਕੀਤੀ ਸੀ, ਦਾ ਕਤਲ ਹੋਇਆ ਹੈ। ਜਿੱਥੇ ਨੂਪੁਰ ਸ਼ਰਮਾ, ਨਵੀਨ ਕੁਮਾਰ ਜਿੰਦਲ, ਰਾਜਾ ਸਿੰਘ ਅਤੇ ਹੋਰਨਾਂ ਵੱਲੋਂ ਪੈਗੰਬਰ ਹਜ਼ਰਤ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨੀਆਂ ਗ਼ਲਤ ਹਨ, ਉੱਥੇ ਨੂਪੁਰ ਸ਼ਰਮਾ ਨੂੰ ਕਤਲ ਕਰਨ ਦੀਆਂ ਧਮਕੀਆਂ ਦੇਣੀਆਂ ਅਤੇ ਉਸ ਦੀ ਹਮਾਇਤ ਕਰਨ ਵਾਲਿਆਂ ਦਾ ਕਤਲ ਕਰਨਾ ਕਾਇਰਾਨਾ ਤੇ ਕੱਟੜਤਾ ਨੂੰ ਹੋਰ ਵਧਾਉਣ ਵਾਲੀਆਂ ਕਾਰਵਾਈਆਂ ਹਨ। ਅਮਰੀਕਾ ਅਤੇ ਪੱਛਮੀ ਯੂਰੋਪ ਦੇ ਦੇਸ਼ਾਂ ਦੀ ਸਿਆਸਤ ਨੇ ਫ਼ਲਸਤੀਨ, ਇਰਾਕ, ਅਫ਼ਗ਼ਾਨਿਸਤਾਨ, ਪਾਕਿਸਤਾਨ, ਸੀਰੀਆ ਅਤੇ ਹੋਰ ਦੇਸ਼ਾਂ ਵਿਚ ਦਹਿਸ਼ਤਗਰਦ ਜਥੇਬੰਦੀਆਂ ਪੈਦਾ ਕੀਤੀਆਂ ਹਨ। ਇਰਾਕ ਜਿਹੇ ਦੇਸ਼ ਅਮਰੀਕੀ ਦਖ਼ਲ ਦਾ ਵਿਰੋਧ ਕਰਨ ਦੇ ਸਮਰੱਥ ਨਹੀਂ ਸਨ; ਉੱਥੇ ਦਹਿਸ਼ਤਗਰਦੀ ਅਮਰੀਕੀ ਦਖ਼ਲ ਕਾਰਨ ਪੈਦਾ ਹੋਈ ਹੈ। ਇਹ ਦਹਿਸ਼ਤਗਰਦ ਜਥੇਬੰਦੀਆਂ ਵੱਖ ਵੱਖ ਦੇਸ਼ਾਂ ਦੇ ਅਮਨ ਵਿਚ ਖ਼ਲਲ ਪਾਉਣਾ ਚਾਹੁੰਦੀਆਂ ਹਨ। ਇਸਲਾਮ ਅਤੇ ਪੈਗੰਬਰ ਹਜ਼ਰਤ ਮੁਹੰਮਦ ਵਿਰੁੱਧ ਪ੍ਰਗਟਾਏ ਵਿਚਾਰ ਇਨ੍ਹਾਂ ਜਥੇਬੰਦੀਆਂ ਨੂੰ ਮੁਸਲਮਾਨ ਭਾਈਚਾਰੇ ਨੂੰ ਹੋਰ ਪ੍ਰਭਾਵਿਤ ਕਰਨ ਦਾ ਮੌਕਾ ਦਿੰਦੇ ਹਨ। ਇਸਲਾਮਿਕ ਸਟੇਟ ਜਬਰ ਕਰਨ ਲਈ ਜਾਣੀ ਜਾਂਦੀ ਹੈ। ਅਜਿਹੀ ਜਥੇਬੰਦੀ ਦੇ ਭਾਰਤ ਵਿਚ ਦਖ਼ਲ ਦੇਣ ਦੇ ਮਨਸੂਬੇ ਖ਼ਤਰਨਾਕ ਹੋ ਸਕਦੇ ਹਨ। ਇਹ ਜਥੇਬੰਦੀ ਵੱਖ ਵੱਖ ਦੇਸ਼ਾਂ ਦੇ ਮੁਸਲਮਾਨਾਂ ਨੂੰ ਦਹਿਸ਼ਤਗਰਦ ਕਾਰਵਾਈਆਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੀ ਹੈ। ਅਜਿਹੇ ਮਨਸੂਬੇ ਦੇਸ਼ ਵਿਚਲੇ ਭਾਈਚਾਰਕ ਸਬੰਧਾਂ ਨੂੰ ਹੋਰ ਵਿਗਾੜਨ ਦੇ ਸਮਰੱਥ ਹਨ। ਧਾਰਮਿਕ ਕੱਟੜਤਾ ਦੇਸ਼ ਅਤੇ ਲੋਕਾਂ ਦੇ ਵਿਕਾਸ ਵਿਚ ਵੱਡਾ ਅੜਿੱਕਾ ਹੈ। ਧਾਰਮਿਕ ਕੱਟੜਤਾ ਵਧਾਉਣ ਵਾਲੇ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਨਾਲ ਸਮਾਜ ਕੱਟੜਤਾ ਦੀ ਦਲਦਲ ਵਿਚ ਡੂੰਘਾ ਧਸ ਸਕਦਾ ਹੈ। ਅਜਿਹੇ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਮਿਲ ਕੇ ਭਾਈਚਾਰਕ ਸਦਭਾਵਨਾ ਵਾਲਾ ਮਾਹੌਲ ਬਣਾਉਣ ਦੀ ਜ਼ਰੂਰਤ ਹੈ।