ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਫਰਵਰੀ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਦਿੱਲੀ-ਐਨਸੀਆਰ ਵਿੱਚ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਉਤੇ ਅਯੋਗ ਹੋਣ ਦੇ ਆਧਾਰ ’ਤੇ ਪਾਬੰਦੀ ਤੋਂ ਛੋਟ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਐੱਨਜੀਟੀ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਤੇ ਜਸਟਿਸ ਸੁਧੀਰ ਅਗਰਵਾਲ ਦੀ ਬੈਂਚ ਨੇ ਕਿਹਾ ਕਿ ਅਜਿਹੀ ਅਰਜ਼ੀ ਉਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਇਸ ਵਿਚ ਕਿਹਾ ਗਿਆ ਹੈ ਕਿ ਨਿਰਧਾਰਤ ਮਾਮਲੇ ਵਿਚ ਅਜਿਹੀਆਂ ਅਰਜ਼ੀਆਂ ’ਤੇ ਹਰ ਸਮੇਂ ਲਈ ਵਿਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੇ ਮੱਦੇਨਜ਼ਰ ਅਰਜ਼ੀ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ। ਟ੍ਰਿਬਿਊਨਲ ਸਰਬਜੀਤ ਏ. ਸਿੰਘ ਦੁਆਰਾ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ ਜਿਸ ਵਿੱਚ ਬਿਨੈਕਾਰ ਦੇ 100 ਫ਼ੀਸਦ ਅਪਾਹਜ ਹੋਣ ਦੇ ਅਧਾਰ ’ਤੇ ਦਿੱਲੀ-ਐਨਸੀਆਰ ਖੇਤਰ ਵਿੱਚ 10 ਸਾਲ ਦੀ ਸਮਾਂ-ਸੀਮਾ ਤੋਂ ਵੱਧ ਡੀਜ਼ਲ ਵਾਹਨ ਦੀ ਵਰਤੋਂ ਕਰਨ ਲਈ ਛੋਟ ਦੇਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਐੱਨਜੀਟੀ ਨੇ ਪਹਿਲਾਂ ਦਿੱਲੀ-ਐੱਨਸੀਆਰ ਵਿੱਚ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਉੱਤੇ ਪਾਬੰਦੀ ਲਗਾਉਣ ਵਾਲੇ ਆਪਣੇ ਆਦੇਸ਼ ਵਿੱਚ ਸੋਧ ਦੀ ਮੰਗ ਕਰਨ ਵਾਲੀ ਕੇਂਦਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਸ ਨੇ ਕਿਹਾ ਸੀ ਕਿ ਇੱਕ ਡੀਜ਼ਲ ਵਾਹਨ 24 ਪੈਟਰੋਲ ਵਾਹਨਾਂ ਜਾਂ 40 ਸੀਐੱਨਜੀ ਵਾਹਨਾਂ ਦੇ ਬਰਾਬਰ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।