ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਫਰਵਰੀ
ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ (ਸ਼ਹਿਰੀ) ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਸ਼ਹਿਰ ’ਚ ਚੋਣ ਜਲਸਿਆਂ ’ਚ ਸੰਬੋਧਨ ਦੌਰਾਨ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ ’ਚ ਇਨਕਲਾਬੀ ਪਰਿਵਰਤਨ ਲਿਆਵੇਗੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ’ਚ ਮਿਹਨਤਕਸ਼ਾਂ ਦੀ ਪੁੱਗਤ ਹੋਵੇਗੀ।
ਉਨ੍ਹਾਂ ਕਿਹਾ ਕਿ ਆਪਣੇ ਲੰਮੇ ਰਾਜਸੀ ਜੀਵਨ ਦੌਰਾਨ ਉਨ੍ਹਾਂ ਹਮੇਸ਼ਾਂ ਸਾਫ਼ ਨੀਅਤ ਅਤੇ ਨੀਤੀ ਨਾਲ ਕੰਮ ਕੀਤਾ। ਕਦੇ ਵੀ ਗ਼ਲਤ ਧੰਦਿਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਅਤੇ ਨਾ ਹੀ ਗ਼ਲਤ ਬੰਦਿਆਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ‘ਆਪ’ ਦੀ ਸਰਕਾਰ ’ਚ ਹਰ ਅਮਨ ਪਸੰਦ ਸ਼ਹਿਰੀ ਨੂੰ ਜ਼ਿੰਦਗੀ ਮਾਨਣ ਦਾ ਹੱਕ ਹੋਵੇਗਾ ਅਤੇ ਅਰਾਜਕਤਾਵਾਦੀਆਂ ਨੂੰ ਸਖ਼ਤੀ ਨਾਲ ਨਕੇਲ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਗ੍ਰਹਿਣ ਬਣ ਕੇ ਚਿੰਬੜੇ ਮਾਫ਼ੀਆ ਗਰੋਹਾਂ ਦੀ ਜਾਂਚ ਕਰਕੇ ਸਜ਼ਾ ਦਿੱਤੀ ਜਾਵੇਗੀ ਅਤੇ ਲੋਕਾਂ ਦਾ ਪੈਸਾ, ਲੋਕਾਂ ਦੇ ਭਲੇ ਲਈ ਖ਼ਰਚਿਆ ਜਾਵੇਗਾ। ਅੱਜ ਹਜ਼ੂਰਾ-ਕਪੂਰਾ ਨਗਰ ਵਾਰਡ ਨੰਬਰ 3, ਅਮਰਪੁਰਾ ਕੋਠੇ ਵਾਰਡ ਨੰਬਰ 1, ਜੋਗੀ ਨਗਰ ਗਲੀ ਨੰਬਰ 5 ਸਮੇਤ ਕਈ ਥਾਵਾਂ ’ਤੇ ਲੋਕਾਂ ਵੱਲੋਂ ਜਗਰੂਪ ਸਿੰਘ ਗਿੱਲ ਨੂੰ ਲੱਡੂਆਂ ਨਾਲ ਤੋਲਿਆ ਗਿਆ। ਸ੍ਰੀ ਗਿੱਲ ਨੇ ਸ਼ਹਿਰੀਆਂ ਦਾ ਇਸ ਗਰਮਜੋਸ਼ੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਰਿਣ ਨੂੰ ਉਤਾਰਨ ਦੀ ਭਰਪੂਰ ਕੋਸ਼ਿਸ਼ ਕਰਨਗੇ।