ਟ੍ਰਬਿਿੂਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਗਸਤ
ਨਗਰ ਨਿਗਮ ਨੇ ਸਿਵਲ ਹਸਪਤਾਲ ਦੇ ਪਿਛਲੇਂ ਹਿੱਸੇ ’ਚ ਪੁਰਾਣੀ ਜੇਲ੍ਹ ਦੀ ਜਗ੍ਹਾ ’ਤੇ ਚਿਲਡਰਨ ਪਾਰਕ ਬਣਾਇਆ ਹੈ। ਪਾਰਕ ਦਾ ਰਸਤਾ ਪੁਰਾਣੀ ਜੇਲ੍ਹ ਦੀ ਕੰਧ ਦੇ ਨਾਲ ਹੈ ਤੇ ਇਹ ਰਸਤਾ ਸੁੰਨਸਾਨ ਹੈ। ਜਿਸ ਕਾਰਨ ਉੱਥੇ ਲੁੱਟਖੋਹ ਦੀਆਂ ਵਾਰਦਾਤਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਆਸਪਾਸ ਦੇ ਲੋਕ ਸਵੇਰੇ ਤੇ ਦੇਰ ਸ਼ਾਮ ਪਾਰਕ ’ਚ ਨਹੀਂ ਜਾਂਦੇ। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੇ ਮੇਅਰ ਬਲਕਾਰ ਸੰਧੂ ਤੋਂ ਮੰਗ ਕੀਤੀ ਹੈ ਕਿ ਇਸ ਪਾਰਕ ਨੂੰ ਨਾਲੇ ਵਾਲੇ ਮੇਨ ਰੋਡ ਵੱਲੋਂ ਰਸਤਾ ਦਿੱਤਾ ਜਾਵੇ ਤਾਂ ਕਿ ਲੋਕ ਸਵੇਰੇ ਤੇ ਦੇਰ ਸ਼ਾਮ ਨੂੰ ਪਾਰਕ ’ਚ ਜਾ ਸਕਣ। ਮੇਅਰ ਨੇ ਭਾਜਪਾ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਰਸਤਾ ਖੁੱਲ੍ਹਵਾਉਣ ਲਈ ਉਹ ਅਫ਼ਸਰਾਂ ਨਾਲ ਗੱਲ ਕਰਨਗੇ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਤੇ ਹੋਰ ਵਰਕਰਾਂ ਨੇ ਮੇਅਰ ਬਲਕਾਰ ਸੰਧੂ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਹੈ। ਪ੍ਰਵੀਨ ਬਾਂਸਲ ਨੇ ਕਿਹਾ ਕਿ ਚਿਲਡਰਨ ਪਾਰਕ ਜਦੋਂ ਬਣਾਇਆ ਗਿਆ ਸੀ, ਉਦੋਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਕਿ ਮੁੱਖ ਗੇਟ ਮੇਨ ਰੋਡ ਵੱਲ ਰੱਖਿਆ ਜਾਵੇ। ਦਰਅਸਲ ਉਦੋਂ ਇਸ ਪਾਸੇ ਨਾਲਾ ਸੀ ਤੇ ਇੱਥੇ ਵਾਹਨ ਖੜ੍ਹੇ ਕਰਨ ਦੀ ਜਗ੍ਹਾ ਨਹੀਂ ਸੀ। ਹੁਣ ਇਸ ਪਾਸੇ ਕਰੀਬ 100 ਫੁੱਟ ਚੌੜੀ ਸੜਕ ਬਣ ਗਈ ਹੈ। ਇਸ ਮੌਕੇ ਸਰਬਜੀਤ ਸਿੰਘ ਕਾਕਾ, ਵਿੱਕੀ ਸਹੋਤਾ ਤੇ ਉਘੇ ਆਗੂ ਮੁਕੇਸ਼ ਖੱਤਰੀ ਵੀ ਸ਼ਾਮਲ ਸਨ।