ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਫਰਵਰੀ
ਸੰਯੁਕਤ ਸਮਾਜ ਮੋਰਚਾ ਦੇ ਜਗਰਾਉਂ ਤੋਂ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਵੀ ਆਪਣੀ ਚੋਣ ਮੁਹਿੰਮ ਭਖ਼ਾ ਦਿੱਤੀ ਹੈ। ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਹ ਹਮਾਇਤੀਆਂ ਸਣੇ ਚੋਣ ਜਲਸੇ ’ਚ ਕਿਸਾਨੀ ਸੰਘਰਸ਼ ਦਾ ਵਿਸ਼ੇਸ਼ ਜ਼ਿਕਰ ਕਰਦੇ ਹਨ। ਪਿੰਡਾਂ ’ਚ ਦੌਰੇ ਤੇ ਨੁੱਕੜ ਮੀਟਿੰਗਾਂ ਸਮੇਂ ਕਿਸਾਨੀ ਝੰਡਾ ਚੁੱਕ ਕੇ ਨਿਕਲ ਰਹੇ ਹਨ। ਹਲਕੇ ਦੇ ਪਿੰਡਾਂ ’ਚ ਅੱਜ ਉਮੀਦਵਾਰ ਕੁਲਦੀਪ ਸਿੰਘ ਡੱਲਾ, ਜਥੇਦਾਰ ਦਲੀਪ ਸਿੰਘ ਚਕਰ, ਹਰਚੰਦ ਸਿੰਘ ਚਕਰ ਤੇ ਹੋਰਨਾਂ ਨੇ ਕੁਝ ਗਿਲਾ ਵੀ ਕੀਤਾ ਕਿ ਕਿਸਾਨ ਸੰਘਰਸ਼ ’ਚ ਜਿਵੇਂ ਲੋਕ ਘਰਾਂ ’ਚੋਂ ਨਿਕਲ ਆਏ ਸਨ ਉਵੇਂ ਵੋਟਾਂ ’ਚ ਲਈ ਵੀ ਨਿਕਲਣ ਦੀ ਲੋੜ ਹੈ ਕਿਉਂਕਿ ਬਦਲਾਅ ਦਾ ਇਕ ਸੁਨਹਿਰੀ ਮੌਕਾ ਮਿਲਿਆ ਹੈ।
ਇਸੇ ਦੌਰਾਨ ਪਿੰਡ ਫਤਿਹਗੜ੍ਹ ਸਿਵੀਆ ’ਚ ਉਮੀਦਵਾਰ ਡੱਲਾ ਨੂੰ ਸਿੱਕਿਆਂ ਨਾਲ ਤੋਲਿਆ ਗਿਆ। ਪਿੰਡ ਸ਼ੇਰਪੁਰ ਕਲਾਂ ਪਹੁੰਚੇ ਉਮੀਦਵਾਰ ਨੇ ਲੋਕਾਂ ਨੂੰ ਚੋਣ ਨਿਸ਼ਾਨ ‘ਮੰਜਾ’ ਦਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਸਾਨ ਸੰਘਰਸ਼ ਦਾ ਵਿਸ਼ੇਸ਼ ਜ਼ਿਕਰ ਕੀਤਾ। ਰੋਡਵੇਜ਼ ਯੂਨੀਅਨ ਦੇ ਸੂਬਾਈ ਆਗੂ ਗੁਰਦੀਪ ਸਿੰਘ ਮੋਤੀ ਨੇ ਉਨ੍ਹਾਂ ਦੇ ਹੱਕ ’ਚ ਇਥੇ ਮੀਟਿੰਗ ਕਰ ਕੇ ਸੇਵਾਮੁਕਤ ਮੁਲਾਜ਼ਮਾਂ ਨੂੰ ਸੰਯੁਕਤ ਸਮਾਜ ਮੋਰਚ ਦੇ ਉਮੀਦਵਾਰਾਂ ਦੇ ਹੱਕ ’ਚ ਭੁਗਤਨ ਦਾ ਸੱਦਾ ਦਿੱਤਾ। ਚੋਣ ਪ੍ਰਚਾਰ ਸਮੇਂ ਆਗੂਆਂ ਨੇ ਡਾ. ਸਵੈਮਾਨ ਸਿੰਘ ਵੱਲੋਂ ਮੋਰਚੇ ਦੇ ਹੱਕ ’ਚ ਪੇਸ਼ ਕੀਤੇ 20 ਅਸ਼ਟਾਮੀ ਵਾਅਦਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਉਮੀਦਵਾਰ ਡੱਲਾ ਦੀਆਂ ਚੋਣ ਸਭਾਵਾਂ ਨੂੰ ਕਾਮਰੇਡ ਅਮਰਜੀਤ ਸਿੰਘ ਮੱਟੂ, ਗੁਰਮੇਲ ਸਿੰਘ ਰੂਮੀ, ਹਰਵਿੰਦਰ ਸਿੰਘ ਸ਼ੇਰਪੁਰਾ, ਹਰਕ੍ਰਿਸ਼ਨ ਸਿੰਘ, ਹੁਕਮਰਾਜ ਦੇਹੜਕਾ, ਪਰਮਜੀਤ ਸਿੰਘ, ਪ੍ਰਭਜੋਤ ਸਿੰਘ ਆਦਿ ਨੇ ਸੰਬੋਧਨ ਕੀਤਾ।