ਮੁੰਬਈ: ਫਿਲਮ ਅਦਾਕਾਰਾ ਨੁਸਰਤ ਭਰੁਚਾ ਛੇਤੀ ਹੀ ਇੱਕ ਵੱਖਰੀ ਕਿਸਮ ਦੀ ਕਾਮੇਡੀ ਫਿਲਮ ‘ਜਨਹਿਤ ਮੇਂ ਜਾਰੀ’ ਵਿੱਚ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਜਾਰੀ ਕੀਤੀ ਗਈ। ਇਸ ਫਿਲਮ ਦੀ ਕਹਾਣੀ ‘ਡ੍ਰੀਮ ਗਰਲ’ ਵਿੱਚ ਆਪਣਾ ਹੁਨਰ ਦਿਖਾ ਚੁੱਕੇ ਰਾਜ ਸ਼ਾਂਡਿਲਿਆ ਵੱਲੋਂ ਲਿਖੀ ਗਈ ਹੈ ਤੇ ਇਸ ਦੇ ਨਿਰਦੇਸ਼ਨ ਨਾਲ ਜੈ ਬੰਟੂ ਸਿੰਘ ਫਿਲਮ ਨਿਰਦੇਸ਼ਨ ਵਿੱਚ ਆਪਣਾ ਪੈਰ ਰੱਖ ਰਿਹਾ ਹੈ। ‘ਪਿਆਰ ਕਾ ਪੰਚਨਾਮਾ’, ‘ਸੋਨੂੰ ਕੇ ਟੀਟੂ ਕੀ ਸਵੀਟੀ’ ਅਤੇ ‘ਛਲਾਂਗ’ ਵਰਗੀਆਂ ਫਿਲਮਾਂ ਤੋਂ ਸੁਰਖੀਆਂ ਵਿੱਚ ਆਈ ਨੁਸਰਤ ਇਸ ਫਿਲਮ ਵਿੱਚ ਬਹੁਤ ਹੀ ਵੱਖਰੇ ਕਿਰਦਾਰ ਵਿੱਚ ਨਜ਼ਰ ਆਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਅੱਜ ਮੱਧ ਪ੍ਰਦੇਸ਼ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ। ਇਸ ਫਿਲਮ ਵਿੱਚ ਅਦਾਕਾਰ ਅਨੁਦ ਢਾਕਾ, ਅਨੂ ਕਪੂਰ ਅਤੇ ਪਰਿਤੋਸ਼ ਤ੍ਰਿਪਾਠੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਮਾਣ ਵਿਨੋਦ ਭਾਨੂਸ਼ਲੀ ਵੱਲੋਂ ‘ਭਾਨੂਸ਼ਲੀ ਸਟੂਡੀਓਜ਼ ਲਿਮਟਿਡ’ ਅਤੇ ‘ਥਿੰਕ ਇੰਕ ਪਿਕਚਰਜ਼’ ਦੇ ਬੈਨਰ ਹੇਠ ਕੀਤਾ ਜਾਵੇਗਾ, ਜਿਸ ਵਿੱਚ ‘ਸ੍ਰੀ ਰਾਘਵ ਐਂਟਰਟੇਨਮੈਂਟ’ ਦੀ ਵੀ ਸਾਂਝੇਦਾਰੀ ਹੋਵੇਗੀ। ਇਸ ਫਿਲਮ ਤੋਂ ਇਲਾਵਾ ਨੁਸਰਤ ਇੱਕ ਡਰਾਉਣੀ ਫਿਲਮ ‘ਛੋਰੀ’ ਸਣੇ ਅਕਸ਼ੈ ਕੁਮਾਰ ਨਾਲ ‘ਰਾਮ ਸੇਤੂ’ ਅਤੇ ਸਨੀ ਕੌਸ਼ਲ ਨਾਲ ‘ਹੁੜਦੰਗ’ ਵਿੱਚ ਵੀ ਦਿਖਾਈ ਦੇਵੇਗੀ। -ਪੀਟੀਆਈ