ਪੀ.ਪੀ ਵਰਮਾ
ਪੰਚਕੂਲਾ 29, ਜੁਲਾਈ
ਪੰਚਕੂਲਾ ਵਿੱਚ ਕੱਲ੍ਹ ਪਈ ਬਰਸਾਤ ਕਾਰਨ ਵੱਖ ਵੱਖ ਪੰਜ ਥਾਵਾਂ ’ਤੇ ਕੰਧਾਂ ਡਿੱਗ ਪਈਆਂ। ਮਨੀਮਾਜਰਾ ਤੋਂ ਪੰਚਕੂਲਾ ਤੋਂ ਆਉਂਦੇ ਨਾਲੇ ਦੀ ਕੰਧ ਅੱਧੀ ਤੋਂ ਵੱਧ ਡਿੱਗ ਗਈ ਜਿਸ ਕਾਰਨ ਪਾਣੀ ਰੁਕ ਗਿਆ ਅਤੇ ਨਾਲ ਲਗਦੀਆਂ ਕਲੋਨੀਆਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ। ਇਸੇ ਤਰ੍ਹਾਂ ਇੰਦਰਾ ਕਲੋਨੀ ਅਤੇ ਰਾਜੀਵ ਕਲੋਨੀ ਵਿੱਚ ਵੀ ਦੋ ਘਰਾਂ ਦੀ ਕੰਧ ਡਿੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਲੇਬਰ ਚੌਕ ਦੇ ਕੋਲ ਬਣਾਈ ਗਈ ਸਰਕਾਰੀ ਕੰਨਟੀਨ ਦੀ ਕੰਧ ਵੀ ਡਿੱਗ ਗਈ। ਇੱਥੇ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਇਸੇ ਤਰ੍ਹਾਂ ਬਰਵਾਲਾ ਵਿੱਚ ਪਈ ਬਰਸਾਤ ਕਾਰਨ ਟਾਂਗਰੀ ਨਦੀ ਵਿੱਚ ਵੀ ਹੜ੍ਹ ਆ ਗਿਆ। ਜਿਸ ਦੇ ਚੱਲਦੇ ਇੱਕ ਕਾਰ ਪਾਣੀ ਵਿੱਚ ਰੁੜ੍ਹ ਗਈ ਅਤੇ ਕਾਰ ਚਾਲਕ ਨੇ ਬੜੀ ਮੁਸ਼ਕਲ ਨਾਲ ਕਾਰ ਵਿੱਚੋਂ ਨਿਕਲ ਕੇ ਆਪਣੀ ਜਾਨ ਬਚਾਈ। ਕਾਰ ਚਾਲਕ ਤਰੁਣ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਬਤੌੜ ਪਿੰਡ ਤੋਂ ਮੌਲੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਟਾਂਗਰੀ ਨਦੀ ਨੂੰ ਪਾਰ ਕਰਨ ਲਈ ਜਿਵੇਂ ਹੀ ਉਹ ਨਦੀ ਉਤੇ ਬਣਾਏ ਪੁਲ ਉੱਤੇ ਪਹੁੰਚਿਆ ਤਾਂ ਉਸਦੀ ਕਾਰ ਖਰਾਬ ਹੋ ਗਈ ਤੇ ਅਚਾਨਕ ਨਦੀ ਵਿੱਚ ਹੜ੍ਹ ਆ ਗਿਆ। ਉਹ ਆਪ ਤਾਂ ਕਾਰ ਵਿੱਚੋਂ ਨਿਕਲ ਕੇ ਸੁਰੱਖਿਅਤ ਜਗ੍ਹਾ ’ਤੇ ਆ ਗਿਆ ਪਰ ਉਸਦੀ ਕਾਰ ਹੜ੍ਹ ਵਿੱਚ ਰੁੜ੍ਹ ਗਈ। ਇਸੇ ਤਰ੍ਹਾਂ ਹੀ ਕਾਲਕਾ ਦੇ ਪਿੰਡ ਖੇੜਾ ਸੀਤਾਰਾਮ ਵਿੱਚ ਬਣੇ ਗੁੰਜਨ ਪੈਲੇਸ ਦੀ ਪਿਛਲੇ ਪਾਸੇ ਇੱਕ ਘਰ ਉੱਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਮਕਾਨ ਦੀ ਛੱਤ ਡਿੱਗ ਗਈ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।