ਪੱਤਰ ਪ੍ਰੇਰਕ
ਕੁਰਾਲੀ, 29 ਜੁਲਾਈ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੀ ਖੁਸ਼ੀ ’ਚ ਕਾਂਗਰਸ ਦੇ ਇੱਕ ਧੜੇ ਵਲੋਂ ਲਗਾਏ ਹੋਰਡਿੰਗ ਨਗਰ ਕੌਂਸਲ ਦਾ ਨਿਸ਼ਾਨਾ ਬਣੇ। ਕੌਂਸਲ ਮੁਲਾਜ਼ਮਾਂ ਵੱਲੋਂ ਮਿੱਥ ਕੇ ਲਾਹੇ ਹੋਰਡਿੰਗਾਂ ਨੇ ਕਾਂਗਰਸ ਦੀ ਗੁੱਟਬੰਦੀ ਨੂੰ ਇੱਕ ਵਾਰ ਫਿਰ ਜੱਗਜਾਹਰ ਕਰ ਦਿੱਤਾ ਹੈ। ਕਾਂਗਰਸ ਦੇ ਕਬਜ਼ੇ ਵਾਲੀ ਕੌਂਸਲ ਵੱਲੋਂ ਪਾਰਟੀ ਹਾਈਕਮਾਂਡ ਦੇ ਆਗੂਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਕੂੜੇ ਵਾਲੀਆਂ ਟਰਾਲੀਆਂ ’ਚ ਰੋਲ਼ੇ ਜਾਣ ਕਾਰਨ ਕਾਂਗਰਸੀ ਵਰਕਰਾਂ ’ਚ ਰੋਹ ਹੈ। ਪੰਜਾਬ ਗਊ ਰੱਖਿਆ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਤੇ ਕਾਂਗਰਸੀ ਕੌਂਸਲ ਭਾਰਤ ਭੂਸ਼ਨ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨੂੰ ਲੈ ਕੇ ਸ਼ਹਿਰ ’ਚ ਦਰਜਨ ਦੇ ਕਰੀਬ ਹੋਰਡਿੰਗ ਲਾਏ ਗਏ ਸਨ। ਕੌਂਸਲ ਦੀ ਟੀਮ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਲਗਾਏ ਇਨ੍ਹਾਂ ਹੋਰਡਿੰਗਾਂ ਨੂੰ ਲਾਹ ਕੇ ਕਬਜ਼ੇ ’ਚ ਲੈ ਲਿਆ। ਇਸ ਮੁੱਦੇ ਨੂੰ ਲੈ ਕੇ ਸਬੰਧਤ ਧੜੇ ਨੇ ਅੱਜ ਕਮਲਜੀਤ ਚਾਵਲਾ ਦੀ ਅਗਵਾਈ ’ਚ ਪ੍ਰੈੱਸ ਕਾਨਫਰੰਸ ਕੀਤੀ। ਕਮਲਜੀਤ ਚਾਵਲਾ, ਬਹਾਦਰ ਸਿੰਘ ਓਕੇ, ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਦੀਪ ਰੂੜਾ,ਕੌਂਸਲਰ ਭਾਰਤ ਭੂਸ਼ਨ ਤੇ ਸ਼ਿਵ ਵਰਮਾ ਨੇ ਕਿਹਾ ਕਿ ਕੌਂਸਲ ਵੱਲੋਂ ਇਹ ਕਾਰਵਾਈ ਰੰਜਿਸ਼ ਕਾਰਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਧੜਾ ਕੌਂਸਲ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਾਬਜ਼ ਧੜੇ ਨਾਲ ਟੱਕਰ ਲੈਂਦਾ ਰਿਹਾ ਹੈ। ਇਸ ਰੰਜਿਸ਼ ਕਾਰਨ ਹੁਣ ਕਾਬਜ਼ ਧਿਰ ਵਲੋਂ ਅਜਿਹੀਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਮੌਜੂਦਾ ਕੌਂਸਲ ਪ੍ਰਧਾਨ ਦੇ ਅਨੇਕਾਂ ਹੋਰਡਿੰਗਾਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਹੋਰਡਿੰਗ ਵੀ ਲੱਗੇ ਹੋਏ ਹਨ ਜਦੋਂਕਿ ਉਨ੍ਹਾਂ ਵੱਲੋਂ ਲਾਏ ਹੋਰਡਿੰਗ ਹੀ ਲਾਹੇ ਗਏ ਹਨ। ਸੰਪਰਕ ਕਰਨ ’ਤੇ ਕਾਰਜਸਾਧਕ ਅਫ਼ਸਰ ਰਜੇਸ਼ ਸ਼ਰਮਾ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਇਸ ਕਾਰਵਾਈ ਤੋਂ ਅਣਜਾਣ ਹੋਣ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।
ਕਮਲਜੀਤ ਚਾਵਲਾ ਤੇ ਹੋਰਾਂ ਨੇ ਕਿਹਾ ਕਿ ਹੋਰਡਿੰਗਜ਼ ’ਚ ਪਾਰਟੀ ਦੀ ਦਿੱਲੀ ਹਾਈਕਮਾਂਡ ਤੋਂ ਇਲਾਵਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਹਰੀਸ਼ ਰਾਵਤ, ਸਪੀਕਰ ਰਾਣਾ ਕੇਪੀ ਸਿੰਘ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸਨ।